ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 24 ਅਪਰੈਲ
ਇਥੇ ਅੱਜ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਮਿੱਤ ਸਿੰਘ ਬਰਾੜ, ਤੇਜਿੰਦਰ ਸਿੰਘ ਮਿੱਡੂ ਖੇੜਾ ਨੇ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਰਦਾਨਾ ਤਾਂ ਕਣਕ ਦੇ ਸੀਜ਼ਨ ਤੋਂ ਛੇ ਮਹੀਨੇ ਪਹਿਲਾਂ ਲੋੜ ਅਨੁਸਾਰ ਪੂਰਾ ਹੋਣਾ ਚਾਹੀਦਾ ਹੈ ਪਰ ਕਾਂਗਰਸ ਸਰਕਾਰ ਮੰਡੀਆਂ ਵਿੱਚ ਕਣਕ ਆਉਣ ਤੋਂ ਬਾਅਦ ਬਾਰਦਾਨੇ ਦੀ ਗਿਣਤੀ-ਮਿਣਤੀ ਕਰਨ ਦਾ ਦਿਖਾਵਾ ਕਰ ਰਹੀ ਹੈ। ਕਿਸਾਨ ਤੇ ਆੜ੍ਹਤੀ ਖੱਜਲ-ਖੁਆਰ ਹੋ ਰਹੇ ਹਨ। ਹੁਣ ਪੁਰਾਣਾ ਬਾਰਦਾਨਾ ਵਰਤਣ ਦਾ ਕਹਿ ਕੇ ਸਰਕਾਰ ਪੱਲਾ ਛਡਾਉਣਾ ਚਾਹੁੰਦੀ ਹੈ ਪਰ ਜਿਹੜਾ ਗੱਟਾ 21 ਰੁਪਏ ਵਿੱਚ ਮਿਲਦਾ ਸੀ ਉਹ ਹੁਣ 42 ਵਿੱਚ ਖ਼ਰੀਦਣ ਲਈ ਆੜ੍ਹਤੀ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਡੀਆਂ ’ਚ ਬਾਰਦਾਨਾ ਨਾ ਪੁੱਜਿਆ ਤਾਂ ਮਾਰਕੀਟ ਕਮੇਟੀ ਦਫਤਰ ਜਾਂ ਡੀਸੀ ਦਫਤਰ ਮੂਹਰੇ ਧਰਨਾ ਦਿੱਤਾ ਜਾਵੇਗਾ।
ਇਥੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਸ ਵਰ੍ਹੇ ਕਣਕ ਦੀ ਖ਼ਰੀਦ ਅਤੇ ਬਾਰਦਾਨੇ ਦੇ ਮਾਮਲੇ ’ਚ ਕਰੋੜਾਂ ਰੁਪਏ ਦੀ ਕਥਿਤ ਘਪਲੇਬਾਜ਼ੀ ਹੋਈ ਹੈ, ਜਿਸਦੀ ‘ਆਪ’ ਦੀ ਸਰਕਾਰ ਬਣਨ ’ਤੇ ਜਾਂਚ ਕਰਵਾਈ ਜਾਵੇਗੀ। ਕਿਸਾਨ ਵਿੰਗ ਦੇ ਪ੍ਰਧਾਨ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਨੇ ਕਥਿਤ ਤੌਰ ’ਤੇ ਪੁਰਾਣਾ ਬਾਰਦਾਨਾ ਪਹਿਲਾਂ ਹੀ ਖ਼ਰੀਦ ਲਿਆ ਤੇ ਹੁਣ ਦੁੱਗਣਾ ਕਰਕੇ ਵੇਚਿਆ ਜਾ ਰਿਹਾ ਹੈ।
ਅਕਾਲੀ ਦਲ ਦਾ ਵਫ਼ਦ ਡੀਸੀ ਨੂੰ ਮਿਲਿਆ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਇਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਇੱਥੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਦੋਸ਼ ਲਾਇਆ ਕਿ ਕਣਕ ਲਈ ਬਾਰਦਾਨਾ ਖ਼ਰੀਦਣ ਅਤੇ ਬਾਕੀ ਪ੍ਰਬੰਧ ਕਰਨ ਵਿੱਚ ਕਥਿੱਤ ਤੌਰ ’ਤੇ ਵੱਡਾ ਘਪਲਾ ਹੋਇਆ ਹੈ ਅਤੇ ਇਸ ਮਾਮਲੇ ਦੀ ਤੁਰੰਤ ਨਿਰਪੱਖ ਪੜਤਾਲ ਕੀਤੀ ਜਾਵੇ। ਇਸ ਮੌਕੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਸੂਬਾ ਸਿੰਘ ਬਾਦਲ, ਗੁਰਚੇਤ ਸਿੰਘ ਢਿੱਲੋਂ, ਸਤੀਸ਼ ਗਰੋਵਰ, ਵਿਜੇ ਛਾਬੜਾ, ਕੇਵਲ ਸਿੰਘ, ਮੋਹਨ ਸਿੰਘ ਮੱਤਾ ਹਾਜ਼ਰ ਸਨ।
‘ਆਪ’ ਨੇ ਸੌਪਿਆ ਮੰਗ ਪੱਤਰ
ਮਾਨਸਾ (ਪੱਤਰ ਪ੍ਰੇਰਕ): ਅਨਾਜ ਮੰਡੀਆਂ ਵਿੱਚ ਖ਼ਰੀਦ ਵਿਵਸਥਾ ਸਹੀ ਨਾ ਕਰਨ ਵਿਰੁੱਧ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਆ ਰਹੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ। ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਉਲਕ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਮੰਡੀਆਂ ਵਿੱਚ ਮਾੜੇ ਖਰੀਦ ਪ੍ਰਬੰਧਾਂ ਕਾਰਨ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ।