ਪੱਤਰ ਪ੍ਰੇਰਕ
ਭੁੱਚੋ ਮੰਡੀ, 2 ਨਵੰਬਰ
ਮਾਰਕੀਟ ਕਮੇਟੀ ਭੁੱਚੋ ਅਧੀਨ ਪੈਂਦੇ ਖਰੀਦ ਕੇਂਦਰਾਂ ’ਤੇ ਲਿਫ਼ਟਿੰਗ ਦਾ ਕੰਮ ਸੁਸਤ ਹੋਣ ਕਾਰਨ ਝੋਨੇ ਦੇ ਗੱਟਿਆਂ ਦੇ ਢੇਰ ਲੱਗ ਗਏ ਹਨ। ਇਸ ਕਾਰਨ ਕਿਸਾਨ ਅਤੇ ਆੜ੍ਹਤੀ ਪ੍ਰੇਸ਼ਾਨ ਹਨ। ਖਰੀਦ ਕੇਂਦਰਾਂ ’ਤੇ 61910 ਟਨ ਝੋਨੇ ਦੀ ਆਮਦ ਹੋ ਚੁੱਕੀ ਹੈ। ਜਿਸ ਵਿੱਚੋਂ 54075 ਟਨ ਝੋਨਾ ਖਰੀਦਿਆ ਜਾ ਚੁੱਕਾ ਹੈ ਪਰ ਲਿਫ਼ਟਿੰਗ ਸਿਰਫ਼ 38750 ਟਨ ਦੀ ਹੀ ਹੋ ਸਕੀ ਹੈ। 15325 ਟਨ ਝੋਨਾ ਚੁਕਾਈ ਖੁਣੋਂ ਮੰਡੀਆਂ ਵਿੱਚ ਪਿਆ ਹੈ। ਭੁੱਚੋ ਮੰਡੀ ਵਿੱਚ 4075 ਟਨ ਅਤੇ ਲਹਿਰਾ ਮੁਹੱਬਤ ਵਿੱਚ 3050 ਟਨ ਝੋਨੇ ਦੀ ਚੁਕਾਈ ਨਹੀਂ ਹੋਈ। ਕਿਸਾਨਾਂ ਵੱਲੋਂ ਝੋਨਾ ਲਾਹੁਣ ਲਈ ਥਾਂ ਨਹੀਂ ਬਚੀ। ਮੰਡੀਆਂ ਵਿੱਚ ਖਰੀਦ ਏਜੰਸੀ ਪਨਗਰੇਨ ਦਾ 4695 ਟਨ, ਮਾਰਕਫੈੱਡ ਦਾ 6080 ਟਨ, ਪਨਸਪ ਦਾ 3645 ਅਤੇ ਵੇਅਰਹਾਊਸ ਦਾ 905 ਟਨ ਝੋਨਾ ਚੁਕਾਈ ਖੁਣੋਂ ਪਿਆ ਹੈ। ਠੇਕੇਦਾਰ ਰਾਜੀਵ ਕੁਮਾਰ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਮੰਡੀਆਂ ਵਿੱਚ ਮਾਲ ਜ਼ਿਆਦਾ ਪਹੁੰਚ ਗਿਆ ਹੈ। ਇਸ ਕਾਰਨ ਹੀ ਸਮੱਸਿਆ ਪੈਦਾ ਹੋਈ ਹੈ।