ਪਰਸ਼ੋਤਮ ਬੱਲੀ
ਬਰਨਾਲਾ, 6 ਅਗਸਤ
ਇੱਥੇ ਅੱਜ ਪੰਜਾਬ ਰਾਜ ਡਿੱਪੂ ਹੋਲਡਰ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਫੈਡਰੇਸ਼ਨ ਦੇ ਮੀਤ ਪ੍ਰਧਾਨ ਇੰਜਨੀਅਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਰਾਸ਼ਨ ਵੰਡਣ ਲਈ ਲੋੜੀਂਦੀਆਂ ਇਲੈਕਟ੍ਰੌਨਿਕ ਮਸ਼ੀਨਾਂ ਦੀ ਘਾਟ ਕਰ ਕੇ ਇੱਕ ਪਾਸੇ ਜਿੱਥੇ ਮੁਫ਼ਤ ਕਣਕ ਲੈਣ ਲਈ ਲੋਕ ਦਰ-ਦਰ ਭਟਕਣ ਲਈ ਮਜਬੂਰ ਹਨ, ਉੱਥੇ ਹੀ ਡਿੱਪੂ ਹੋਲਡਰਾਂ ਨੂੰ ਵੀ ਕਣਕ ਵੰਡਣ ’ਚ ਦਿੱਕਤਾਂ ਪੇਸ਼ ਆ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਤਕਰੀਬਨ 18 ਹਜ਼ਾਰ ਰਾਸ਼ਨ ਡਿੱਪੂ ਹਨ ਅਤੇ ਰਾਸ਼ਨ ਵੰਡਣ ਲਈ ਸਿਰਫ਼ 1800 ਦੇ ਕਰੀਬ ਮਸ਼ੀਨਾਂ ਹਨ। ਇੱਕ ਮਸ਼ੀਨ ਨਾਲ ਸੌ ਡਿੱਪੂਆਂ ਦੀ ਕਣਕ ਵੰਡਣੀ ਹੁੰਦੀ ਹੈ। ਇੱਕੋ ਸਮੇਂ ਵਿੱਚ ਸਿਰਫ਼ 1800 ਡਿੱਪੂਆਂ ’ਤੇ ਕਣਕ ਵੰਡੀ ਜਾ ਸਕਦੀ ਹੈ ਅਤੇ ਹੁਣ ਸਾਰੇ ਕਾਰਡ ਆਨਲਾਈਨ ਹਨ, ਇਸ ਲਈ ਕੋਈ ਵੀ ਉਪਭੋਗਤਾ ਕਿਸੇ ਵੀ ਡਿੱਪੂ ਤੋਂ ਕਣਕ ਲੈ ਸਕਦਾ ਹੈ। ਜਿਸ ਕਿਸੇ ਡਿੱਪੂ ’ਤੇ ਕਣਕ ਆ ਜਾਂਦੀ ਹੈ ਉੱਥੇ ਲੋਕ ਸੈਂਕੜਿਆਂ ਦੀ ਗਿਣਤੀ ਵਿੱਚ ਲਾਈਨਾਂ ਲਗਾ ਕੇ ਦੇਰ ਰਾਤ ਤੱਕ ਇੰਤਜ਼ਾਰ ਕਰਨ ਲੱਗ ਪੈਂਦੇ ਹਨ। ਇਸ ਦੌਰਾਨ ਖ਼ਪਤਕਾਰ ਤੇ ਡਿੱਪੂ ਹੋਲਡਰ ਦੋਵੇਂ ਹੀ ਹੱਦੋਂ ਵੱਧ ਖੁਆਰੀ ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਉਹ ਖੁਰਾਕ ਸਪਲਾਈ ਮੰਤਰੀ ਨੂੰ ਕਈ ਵਾਰ ਮੰਗ ਪੱਤਰ ਦੇ ਕੇ ਮੰਗ ਕਰ ਚੁੱਕੇ ਹਨ ਕਿ ਮਸ਼ੀਨਾਂ ਡਿੱਪੂ ਹੋਲਡਰ ਖ਼ੁਦ ਖ਼ਰੀਦ ਲੈਣਗੇ, ਜੇਕਰ ਉਨ੍ਹਾਂ ਦੇ ਕਮਿਸ਼ਨ ਵਿੱਚ 17 ਰੁਪਏ ਦਾ ਵਾਧਾ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਜਾਇਜ਼ ਗੱਲ ਵੀ ਮੰਨਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਘਾਟ ਕਰ ਕੇ ਜਿੱਥੇ ਉਪਭੋਗਤਾ ਦਰ-ਦਰ ਧੱਕੇ ਖਾ ਰਿਹਾ ਹੈ ਉਸੇ ਤਰ੍ਹਾਂ ਡਿੱਪੂ ਹੋਲਡਰ ਵੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਮਾਨ ਸਰਕਾਰ ਕੋਲੋਂ ਮੰਗ ਕੀਤੀ ਕਿ ਹਰੇਕ ਡਿੱਪੂ ’ਤੇ ਮਸ਼ੀਨ ਫਿੱਟ ਕੀਤੀ ਜਾਵੇ ਅਤੇ ਸਾਰੇ ਡਿੱਪੂਆਂ ’ਤੇ ਇੱਕੋ ਸਮੇਂ ਕਣਕ ਭੇਜੀ ਜਾਵੇ ਤਾਂ ਜੋ ਲੋਕ ਆਪਣੇ ਨੇੜਲੇ ਡਿੱਪੂ ਤੋਂ ਹੀ ਕਣਕ ਲੈ ਸਕਣ।
ਮਸ਼ੀਨਾਂ ਦੀ ਘਾਟ ਵਾਲੀ ਕੋਈ ਗੱਲ ਨਹੀਂ: ਡੀਐੱਫਐੱਸਸੀ
ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਪ੍ਰੀਤ ਸਿੰਘ ਨੇ ਇਸ ਸਬੰਧੀ ਗੱਲ ਕਰਨ ’ਤੇ ਕਿਹਾ ਕਿ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਯੋਜਨਾ ਵਾਲੀ ਕਣਕ 90 ਫ਼ੀਸਦ ਤੋਂ ਉੱਪਰ ਵੰਡੀ ਜਾ ਚੁੱਕੀ ਹੈ ਜਦਕਿ ਦੋ ਰੁਪਏ ਕਿੱਲੋ ਵਾਲੀ ਕਣਕ ਦੀ ਵੰਡ ਵੀ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਨੂੰ ਵੰਡਣ ਦਾ ਟੀਚਾ 30 ਸਤੰਬਰ ਤੱਕ ਦਾ ਹੈ ਜੋ ਕਿ ਆਸਾਨੀ ਨਾਲ ਸਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਯੋਜਨਾ ਵਾਲੀ ਕਣਕ ’ਚ ਉੱਪਰੋਂ ਹੀ 11 ਫ਼ੀਸਦ ਦਾ ਕੱਟ ਲੱਗਣ ਕਾਰਨ ਲੋਕਾਂ ’ਚ ਕਣਕ ਲੈਣ ਲਈ ਹਫੜਾ-ਦਫੜੀ ਮੱਚੀ ਹੋਈ ਹੈ। ਉਨ੍ਹਾਂ ਕਿਹਾ ਕਿ ਮਸ਼ੀਨਾਂ ਦੀ ਘਾਟ ਵਾਲੀ ਗੱਲ ਹੁਣ ਤੱਕ ਕਿਧਰੋਂ ਵੀ ਸਾਹਮਣੇ ਨਹੀਂ ਆਈ ਹੈ।