ਲਖਵੀਰ ਸਿੰਘ ਚੀਮਾ
ਟੱਲੇਵਾਲ, 15 ਜੁਲਾਈ
ਸਰਕਾਰ ਕਰੋਨਾਵਾਇਰਸ ਦੌਰਾਨ ਪਿੰਡਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਨਾ-ਮਾਤਰ ਹੀ ਮਿਲ ਰਹੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਦੀਵਾਨਾ ਦੀ ਡਿਸਪੈਂਸਰੀ ਜ਼ਿਲ੍ਹਾ ਪਰਿਸ਼ਦ ਅਧੀਨ ਹੈ, ਜਿਸ ਵਿੱਚ ਇੱਕ ਮੈਡੀਕਲ ਅਫ਼ਸਰ, ਫ਼ਾਰਮੇਸੀ ਅਫ਼ਸਰ, ਮਲਟੀਪਰਪਜ਼ ਹੈਲਥ ਵਰਕਰ (ਮਰਦ ਤੇ ਔਰਤ) ਅਤੇ ਦਰਜ਼ਾ ਚਾਰ ਕਰਮਚਾਰੀ ਦੀ ਆਸਾਮੀ ਮਨਜ਼ੂਰ ਹੈ ਪਰ ਇਸ ਡਿਪਪੈਂਸਰੀ ਵਿੱਚ ਇਸ ਵੇਲੇ ਸਿਰਫ਼ ਮਲਟੀਪਰਪਜ਼ ਹੈਲਥ ਵਰਕਰ ਹੀ ਡਿਊਟੀ ਦੇ ਰਹੇ ਹਨ।
ਪੰਚਾਇਤ ਵਿਭਾਗ ਵਲੋਂ ਭੇਜੀਆਂ ਜਾਣ ਵਾਲੀਆਂ ਦਵਾਈਆਂ ਵੀ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਤੋਂ ਪਹਿਲਾਂ ਦੀਆਂ ਆਈਆਂ ਹੋਈਆਂ ਹਨ। ਕਰੋਨਾਵਾਇਰਸ ਦੀ ਮਹਾਮਾਰੀ ਦੌਰਾਨ ਇਸ ਪੇਂਡੂ ਡਿਸਪੈਂਸਰੀ ਨੂੰ ਆਰਜ਼ੀ ਤੌਰ ’ਤੇ ਸਿਹਤ ਵਿਭਾਗ ਅਧੀਨ ਕਰ ਦਿੱਤਾ ਗਿਆ ਜਿਸ ਕਰਕੇ ਇੱਥੋਂ ਦੇ ਮੈਡੀਕਲ ਅਫ਼ਸਰ ਦੀ ਡਿਊਟੀ ਆਈਸੋਲੇਸ਼ਨ ਕੇਂਦਰ ਵਿੱਚ ਲਗਾ ਦਿੱਤੀ ਗਈ ਹੈ ਜਦੋਂਕਿ ਫ਼ਾਰਮੇਸੀ ਅਫ਼ਸਰ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਹੜਤਾਲ ’ਤੇ ਹਨ। ਮਲਟੀਪਰਪਜ਼ ਹੈਲਥ ਵਰਕਰ (ਮੇਲ) ਜ਼ਰੂਰ ਆ ਰਹੇ ਹਨ।
ਸੂਬਾ ਸਰਕਾਰ ਅਧੀਨ ਆਉਂਦੇ ਇਸ ਸਟਾਫ਼ ਤੇ ਦਵਾਈਆਂ ਦੀ ਘਾਟ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਪਿੰਡ ਦੇ ਨੌਜਵਾਨਾਂ ਪਰਦੀਪ ਦੀਵਾਨਾ ਅਤੇ ਵਰਿੰਦਰ ਦੀਵਾਨਾ ਨੇ ਖਾਲੀ ਆਸਾਮੀਆਂ ਤੁਰੰਤ ਭਰਨ ਦੀ ਮੰਗ ਕੀਤੀ ਹੈ।
ਕੀ ਕਹਿੰਦੇ ਨੇ ਅਧਿਕਾਰੀ
ਏਡੀਸੀ (ਵਿਕਾਸ) ਅਰੁਣ ਜਿੰਦਲ ਨੇ ਕਿਹਾ ਕਿ ਡਿਸਪੈਂਸਰੀਆਂ ਦੇ ਸਟਾਫ਼ ਦੀ ਡਿਊਟੀ ਕਰੋਨਾਵਾਇਰਸ ਦੌਰਾਨ ਹੋਰ ਥਾਵਾਂ ’ਤੇ ਲੱਗਣ ਕਾਰਨ ਕੁੱਝ ਸਮੱਸਿਆ ਪੇਸ਼ ਆ ਰਹੀ ਹੈ। ਡਿਸਪੈਂਸਰੀਆਂ ਵਿੱਚ ਸਟਾਫ਼ ਦੀ ਘਾਟ ਸਬੰਧੀ ਸਰਕਾਰ ਨੂੰ ਲਿਖ ਕੇ ਭੇਜ ਰਹੇ ਹਾਂ। ਦਵਾਈਆਂ ਦੀ ਤੋਟ ਵੀ ਜਲਦ ਖ਼ਤਮ ਕੀਤੀ ਜਾਵੇਗੀ।