ਪੱਤਰ ਪ੍ਰੇਰਕ
ਹੰਡਿਆਇਆ, 2 ਨਵੰਬਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਲਗਪਗ 950 ਵਿਦਿਆਰਥੀ ਪੜ੍ਹਦੇ ਹਨ, ਪਰ ਸਕੂਲ ਵਿੱਚ ਪ੍ਰਿੰਸੀਪਲ, ਲੈਕਚਰਾਰ ਅਤੇ ਹੋਰ ਸਟਾਫ ਦੀ ਘਾਟ ਹੈ। ਜਾਣਕਾਰੀ ਅਨੁਸਾਰ ਸਕੂਲ ਹੰਡਿਆਇਆ ਵਿੱਚ 214 ਦੇ ਕਰੀਬ ਵਿਦਿਆਰਤੀ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੇ ਹਨ, ਜਿਨ੍ਹਾਂ ਨੂੰ ਪੜ੍ਹਾਉਣ ਵਾਸਤੇ ਲੈਕਚਰਾਰਾਂ ਦੀ ਜ਼ਰੂਰਤ ਹੈ। ਇੱਥੇ ਮਈ ਮਹੀਨੇ ਤੋਂ ਕੋਈ ਪ੍ਰਿੰਸੀਪਲ ਵੀ ਨਹੀਂ ਤਾਇਨਾਤ ਹੈ। ਇੱਕ ਹੋਰ ਲੈਕਚਰਾਰ ਨਵਜੋਤ ਕੌਰ ਜੋ ਲੰਬੀ ਬਿਮਾਰੀ ਛੁੱਟੀ ’ਤੇ ਸਨ, ਉਨ੍ਹਾਂ ਵੀ ਇੱਕ ਦੋ ਦਿਨ ਪਹਿਲਾਂ ਹੀ ਚਾਰਜ ਲਿਆ ਹੈ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਕੋਈ ਲੈਕਚਰਾਰ, ਪ੍ਰਿੰਸੀਪਲ ਪੱਕਾ ਲਾਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਕਿਉਂਕਿ ਰੂੜੇਕੇ ਸਕੂਲ ਦੇ ਪ੍ਰਿੰਸੀਪਲ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ, ਉਕਤ ਪ੍ਰਿੰਸੀਪਲ ਕੋਲ ਇਸ ਤੋਂ ਬਿਨਾਂ ਤਿੰਨ ਹੋਰ ਸਕੂਲਾਂ ਦਾ ਵਾਧੂ ਚਾਰਜ ਹੈ। ਇਸ ਤੋਂ ਇਲਾਵਾ ਸੀਵਰੇਜ ਦੇ ਪਾਣੀ ਕਾਰਨ ਸਕੂਲ ਦਾ ਖੇਡ ਮੈਦਾਨ ਭਰਿਆ ਰਹਿੰਦਾ ਹੈ। ਸਥਾਨਕ ਲੋਕਾਂ ਅਤੇ ਪਸਵਕ ਚੇਅਰਮੈਨ ਲਖਵਿੰਦਰ ਸ਼ਰਮਾ ਨੇ ਕਈ ਵਾਰ ਡੀ.ਓ. ਬਰਨਾਲਾ ਅਤੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਮੰਗ ਪੱਤਰ ਦਿੱਤੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ। ਬੀਤੇ ਦਿਨੀਂ 3 ਹੋਰ ਅਧਿਆਪਕ ਬਦਲੀ ਕਰਵਾ ਕੇ ਨੇੜਲੇ ਪਿੰਡਾਂ ਦੇ ਸਕੂਲਾਂ ਵਿੱਚ ਚਲੇ ਗਏ ਹਨ, ਜਿਸ ਨਾਲ ਇੱਥੋਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਬਹੁਤ ਪ੍ਰਭਾਵਿਤ ਹੋ ਰਹੀ ਹੈ।
ਛੇਤੀ ਨਵੀਂ ਭਰਤੀ ਕਰਕੇ ਸਟਾਫ਼ ਪੂਰਾ ਕੀਤਾ ਜਾਵੇਗਾ: ਸਿੱਖਿਆ ਅਫ਼ਸਰ
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ ਵਿੱਚ ਅਧਿਆਪਕ ਘੱਟ ਹਨ ਅਤੇ ਛੇਤੀ ਹੀ ਨਵੀਂ ਭਰਤੀ ਕਰਕੇ ਸਟਾਫ਼ ਨੂੰ ਪੂਰਾ ਕੀਤਾ ਜਾਵੇਗਾ। ਸੀਵਰੇਜ ਦਾ ਗੰਦਾ ਪਾਣੀ ਸਕੂਲ ਵਿਚ ਵੜਨ ਬਾਰੇ ਉਨ੍ਹਾਂ ਕਿਹਾ ਕਿ ਇਹ ਫਿਲਹਾਲ ਠੀਕ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਰਿਪੋਰਟ ਬਣਾ ਕੇ ਛੇਤੀ ਹੀ ਦੇ ਦਿੱਤੀ ਜਾਵੇਗੀ।