ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 7 ਅਕਤੂਬਰ
ਸਰਕਾਰੀ ਹਸਪਤਾਲ ਸ਼ਹਿਣਾ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਇੱਥੇ ਡਾਕਟਰ ਸਮੇਤ ਹੋਰ ਸਟਾਫ਼ ਦੀ ਕਮੀ ਕਾਫੀ ਸਮੇਂ ਤੋਂ ਲੋਕਾਂ ਲਈ ਸਮੱਸਿਆ ਬਣੀ ਹੋਈ ਹੈ। ਇੱਥੇ ਸਿਰਫ਼ ਇਕਲੌਤਾ ਫਾਰਮਾਸਿਸਟ ਅਤੇ ਇੱਕ ਉਪ-ਵੈਦ ਹੀ ਸੀ, ਜਿਨ੍ਹਾਂ ਦੀ ਡਿਊਟੀ ਹੁਣ ਕਰੋਨਾ ਲਾਗ ਖ਼ਿਲਾਫ਼ ਪ੍ਰਬੰਧਨ ’ਚ ਲਗਾ ਦਿੱਤੀ ਹੈ ਅਤੇ ਸ਼ਹਿਣਾ ਦਾ ਹਸਪਤਾਲ ਅਨਾਥ ਹੋ ਗਿਆ ਹੈ। ਹੁਣ ਹਸਪਤਾਲ ’ਚ ਸਿਰਫ ਬੱਚਿਆਂ ਦੇ ਟੀਕਾਕਰਨ ਵਾਲਾ ਸਟਾਫ਼ ਹੀ ਰਹਿ ਗਿਆ ਹੈ। ਹਸਪਤਾਲ ਵਿੱਚ ਕੋਈ ਡਾਕਟਰ, ਫਾਰਮਾਸਿਸਟ, ਲੈਂਡੀ ਨਰਸ, ਸਫਾਈ ਕਰਮਚਾਰੀ ਜਾਂ ਦਰਜਾ ਚਾਰ ਦਾ ਕੋਈ ਕਰਮਚਾਰੀ ਨਹੀ ਹੈ। ਲਗਪਗ 6 ਮਹੀਨੇ ਤੋਂ ਡਾਕਟਰ ਦੀ ਅਸਾਮੀ ਖਾਲੀ ਪਈ ਹੈ, ਜਿਸ ਪ੍ਰਤੀ ਸਰਕਾਰ ਅਤੇ ਸਿਹਤ ਵਿਭਾਗ ਬੇਪ੍ਰਵਾਹ ਹੈ। ਕੁਲ ਮਿਲਾਕੇ ਹਸਪਤਾਲ ਜਿੰਦਰਾ ਲੱਗਣ ਵਾਲੇ ਹਾਲਤ ਬਣ ਗਏ ਹਨ।
ਇਸ ਹਸਪਤਾਲ ਵਿੱਚ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਲਈ ਇੱਕ ਮੈਡੀਕਲ ਅਫਸਰ ਅਤੇ ਪੈਰਾਮੈਡੀਕਲ ਦੀ ਪੋਸਟ ਹੈ ਜੋ ਕਿ ਖਾਲੀ ਪਈਆਂ ਹਨ। ਇੱਥੇ ਹੀ ਇੱਕ ਸਬ-ਸੈਂਟਰ ਸ਼ਹਿਣਾ (ਬੀ) ਵੀ ਬਣਿਆ ਹੋਇਆ ਹੈ, ਜਿੱਥੇ ਕਿ ਜੱਚਾ-ਬੱਚਾ ਦੀ ਸਿਹਤ ਸੰਭਾਲ ਅਤੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ। ਹਸਪਤਾਲ ਦਾ ਰਕਬਾ ਕਰੀਬ ਦੋ ਕਿੱਲਿਆ ’ਚ ਹੈ ਜਿਸ ਵਿੱਚੋਂ ਡੇਢ ਕਿੱਲੇ ’ਚ ਘਾਹ-ਫੂਸ ਹੋਇਆ ਪਿਆ ਹੈ, ਜਿਸ ਦੀ ਸਾਫ-ਸਫਾਈ ਲਈ ਸਰਕਾਰ ਵੱਲੋਂ ਕੋਈ ਫੰਡ ਨਹੀਂ ਆਉਦਾ।
ਸਟਾਫ਼ ਪੂਰਾ ਨਾ ਹੋਣ ’ਤੇ ਧਰਨੇ ਦੀ ਚਿਤਾਵਨੀ
ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਗਲਾ ਨੇ ਕਿਹਾ ਕਿ ਕਸਬੇ ਸ਼ਹਿਣਾ ਸਮੇਤ ਆਸਪਾਸ ਦੇ ਪਿੰਡਾਂ ਦੇ ਲੋਕ ਹਸਪਤਾਲ ’ਚ ਦਵਾਈ ਲੈਣ ਲਈ ਆਉਦੇ ਸਨ ਪ੍ਰੰਤੂ ਸੂਬਾ ਸਰਕਾਰ ਵੱਲੋਂ ਇੱਥੇ ਡਾਕਟਰ ਅਤੇ ਹੋਰ ਸਟਾਫ਼ ਨਹੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਜਲਦੀ ਡਾਕਟਰ ਸਮੇਤ ਬਾਕੀ ਸਟਾਫ਼ ਨਾ ਭੇਜਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨਾ ਲਾਇਆ ਜਾਵੇਗਾ।