ਸੁਰਜੀਤ ਵਸਿ਼ਸ਼ਟ
ਝੁਨੀਰ, 21 ਜੂਨ
ਪਿੰਡ ਲਖਮੀਰਵਾਲਾ ਦੇ ਲੋਕ ਕੱਚੀਆਂ ਗਲੀਆਂ ਅਤੇ ਨਾਲੀਆਂ ਵਿੱਚ ਜਮ੍ਹਾਂ ਹੋਏ ਗੰਦੇ ਅਤੇ ਬਦਬੂਦਾਰ ਕਾਲੇ ਪਾਣੀ ਤੋਂ ਪ੍ਰੇਸ਼ਾਨ ਹਨ। ਦਲਿਤ ਵਰਗ ਦੀਆਂ ਔਰਤਾਂ ਅਤੇ ਭੋਲਾ ਸਿੰਘ ਫੌਜੀ, ਪਾਲਾ ਸਿੰਘ, ਤਾਰਾ ਸਿੰਘ, ਬੋਘਾ ਸਿੰਘ ਅਤੇ ਨੈਬ ਸਿੰਘ ਨੇ ਦੱਸਿਆ ਕਿ ਬੀਤੇ 2 ਸਾਲਾਂ ਤੋਂ ਵਾਰ-ਵਾਰ ਮੰਗ ਕਰਨ ’ਤੇ ਵੀ ਪੰਚਾਇਤੀ ਵਿਭਾਗ ਅਤੇ ਸਥਾਨਕ ਪੰਚਾਇਤ ਨੇ ਪਿੰਡ ਦੀ ਦਲਿਤ ਆਬਾਦੀ ਦੀਆਂ ਬਹੁਤੀਆਂ ਕੱਚੀਆਂ ਗਲੀਆਂ ਅਤੇ ਨਾਲੀਆਂ ਨੂੰ ਪੱਕਾ ਨਹੀਂ ਕੀਤਾ। ਇਸ ਆਬਾਦੀ ਦੇ ਲੋਕ ਜਿੱਥੇ ਪਾਣੀ ’ਚੋਂ ਦਿਨ-ਰਾਤ ਨਿਕਲ ਰਹੀ ਬਦਬੂ ਤੋਂ ਪ੍ਰੇਸ਼ਾਨ ਹਨ, ਉਥੇ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਹੈ।
“ਪੰਜਾਬ ਜੈ ਜਵਾਨ ਜੈ ਕਿਸਾਨ” ਮੋਰਚੇ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤੀ ਵਿਭਾਗ ਤੋਂ ਦਲਿਤ ਵਿਹੜੇ ਦੇ ਨਾਲ-ਨਾਲ ਪਿੰਡ ਦੀਆਂ ਸਭ ਕੱਚੀਆਂ ਗਲੀਆਂ ਅਤੇ ਨਾਲੀਆਂ ਪੱਕੀਆਂ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੋ ਇਸ ਸਬੰਧੀ ਰੁਕਾਵਟ ਪਾ ਰਿਹਾ ਹੈ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।