ਗੁਰਜੀਤ ਭੁੱਲਰ
ਰਾਮਪੁਰਾ ਫੂਲ, 22 ਅਗਸਤ
ਜ਼ਮੀਨੀ ਮਾਮਲੇ ਵਿਚ ਜਿਉਂਦ ਪਿੰਡ ਦੇ ਕਿਸਾਨਾਂ ਵੱਲੋਂ ਬੀਕੇਯੂ ਉਗਰਾਹਾਂ ਦੀ ਅਗਵਾਈ ਵਿੱਚ ਇਨਸਾਫ ਲੈਣ ਲਈ ਪਿਛਲੇ ਛੇ ਦਿਨਾਂ ਤੋਂ ਡੀਐੱਸਪੀ ਫੂਲ ਦਫਤਰ ਅੱਗੇ ਲੱਗਿਆ ਧਰਨਾ ਅੱਜ ਵੀ ਜਾਰੀ ਰਿਹਾ ਅਤੇ ਪ੍ਰਸ਼ਾਸਨ ਵੱਲੋਂ ਕੋਈ ਗੱਲਬਾਤਾ ਨਾ ਸੁਨਣ ’ਤੇ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਡੀਐੱਸਪੀ ਦਫਤਰ ਦੀ ਘੇਰਾਬੰਦੀ ਕੀਤੀ ਗਈ ਹੈ। ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਜਵੰਧਾ, ਪ੍ਰਧਾਨ ਗੁਲਾਬ ਸਿੰਘ ਅਤੇ ਪਰਮਜੀਤ ਕੌਰ ਪਿੱਥੋ ਨੇ ਦੱਸਿਆ ਕਿ 20 ਜੂਨ ਨੂੰ ਵਾਪਰੇ ਗੋਲੀ ਕਾਂਡ ਵਿੱਚ ਡੀਐੱਸਪੀ ਫੂਲ ਨੇ ਸਿਆਸੀ ਸ਼ਹਿ ’ਤੇ ਮੁਲਜ਼ਮਾਂ ਖ਼ਿਲਾਫ਼ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਸਨ, ਉਨ੍ਹਾਂ ’ਤੇ ਬਣਦੀ ਕਾਰਵਾਈ ਕਰਨ ਦੀ ਬਜਾਏ ਪੜਤਾਲ ਰਾਹੀਂ ਬੇਦੋਸ਼ੇ ਕਰਾਰ ਦੇ ਦਿੱਤਾ ਅਤੇ ਜਿਨ੍ਹਾਂ ਵਿਅਕਤੀਆਂ ਦੇ ਗੋਲੀਆਂ ਲੱਗੀਆਂ ਸਨ ਉਲਟਾ ਉਨ੍ਹਾਂ ’ਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਡੀਐੱਸਪੀ ਦਫਤਰ ਦੀ ਘੇਰਾਬੰਦੀ ਜਾਰੀ ਰਹੇਗੀ ਅਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਡੀਐੱਸਪੀ ਫੂਲ ਦਾ ਕਹਿਣਾ ਸੀ ਕਿ ਜਿਨ੍ਹਾਂ ਵਿਅਕਤੀਆਂ ਉਪਰ ਮੁਕੱਦਮੇ ਦਰਜ ਹੋਏ ਹਨ ਉਹ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਤਫਤੀਸ਼ ਕਰਵਾ ਸਕਦੇ ਹਨ। ਇਸ ਮੌਕੇ ਮਾਸਟਰ ਸੁਖਦੇਵ ਸਿੰਘ ਜਵੰਦਾ, ਗੁਲਾਬ ਸਿੰਘ, ਸ਼ਗਨ ਦੀਪ ਸਿੰਘ, ਪਰਮਜੀਤ ਕੌਰ ਪਿੱਥੋ, ਰਾਣੀ ਕੌਰ, ਕਰਮਜੀਤ ਕੌਰ ਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ।