ਜੋਗਿੰਦਰ ਸਿੰਘ ਮਾਨ
ਮਾਨਸਾ, 3 ਨਵੰਬਰ
ਪਿੰਡ ਕੁਲਰੀਆਂ ਦੀ ਵਿਵਾਦਗ੍ਰਸਤ ਜ਼ਮੀਨ ਦਾ ਪ੍ਰਸ਼ਾਸਨ ਤੋਂ ਕਬਜ਼ਾ ਛੁਡਵਾਉਣ ਲਈ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠਲੀ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਵੱਲੋਂ ਵਿੱਢੇ ਗਏ ਸੰਘਰਸ਼ ਤਹਤਿ ਅੱਜ ਬੁਢਲਾਡਾ ਦੇ ਡੀਐਸਪੀ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਹੋਰਨਾਂ ਕਿਸਾਨ ਜਥੇਬੰਦੀਆਂ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕਰਕੇ ਸੰਘਰਸ਼ ਦੀ ਹਮਾਇਤ ਕੀਤੀ। ਜਥੇਬੰਦੀ ਵੱਲੋਂ ਕੁਲਰੀਆਂ ਦੇ ਜ਼ਮੀਨ ਮਾਮਲੇ ਨੂੰ ਲੈ ਕੇ ਕਿਸਾਨਾਂ ਦੀ ਕੀਤੀ ਗਈ ਕੁੱਟਮਾਰ ਖਿਲਾਫ਼ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਅੱਜ ਇਹ ਘਿਰਾਓ ਕੀਤਾ ਗਿਆ ਸੀ।
ਇਸ ਘਿਰਾਓ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਹਰਚਰਨ ਸਿੰਘ ਮਾਨਸਾ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਮਲਕੀਤ ਸਿੰਘ ਮੰਦਰਾਂ ਨੇ ਕਿਸਾਨਾਂ ਦੀ ਕੁੱਟਮਾਰ ਲਈ ਇਨਸਾਫ਼ ਦੀ ਇਸ ਲੜਾਈ ਵਿੱਚ ਹੱਕ-ਸੱਚ ਨਾਲ ਖੜ੍ਹਨ ਦਾ ਐਲਾਨ ਕੀਤਾ।
ਭਾਕਿਯੂ (ਏਕਤਾ ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪਿਛਲੇ ਦਿਨੀਂ ਪਿੰਡ ਕੁਲਰੀਆਂ ਵਿਖੇ ਇਸ ਭੂ ਮਾਫ਼ੀਆ ਨੇ ਇਕ ਧਾਰਮਿਕ ਡੇਰੇ ’ਤੇ ਕਬਜ਼ਾ ਕਰਨ ਲਈ ਕਾਸ਼ਤਕਾਰ ਕਿਸਾਨਾਂ ’ਤੇ ਜਾਨਲੇਵਾ ਹਮਲੇ ਵਿੱਚ ਲਖੀਮਪੁਰ ਖੀਰੀ ਵਾਂਗ ਕਿਸਾਨਾਂ ’ਤੇ ਗੱਡੀ ਚੜ੍ਹਾ ਕੇ ਕੁਚਲਣ ਦੀ ਕੋਸ਼ਿਸ਼ ਕੀਤੀ ਅਤੇ ਬਜ਼ੁਰਗ ਕਿਸਾਨ ਸੀਤਾ ਸਿੰਘ ਦੀ ਲੱਤ ਅਤੇ ਬਾਂਹ ਤੋੜ ਦਿੱਤੀ ਅਤੇ ਪੈਰ ਪਾੜ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੁਲੀਸ ਨੇ ਸਰਪੰਚ ਦੇ ਬਿਆਨ ’ਤੇ ਕਿਸਾਨਾਂ ਉਪਰ ਐਫਆਈਆਰ ਦਰਜ ਕੀਤੀ, ਜਦੋਂ ਕਿ ਜ਼ਖ਼ਮੀ ਕਿਸਾਨ ਸੀਤਾ ਸਿੰਘ ਦੇ ਹਾਲੇ ਤੱਕ ਬਿਆਨ ਵੀ ਨਹੀਂ ਲਏ ਗਏ ਹਨ।
ਜਥੇਬੰਦੀ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਇਹ ਭੂ ਮਾਫ਼ੀਆ ਪਹਿਲਾਂ ਵੀ ਦੋ ਵਾਰ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਕਿਸਾਨਾਂ ’ਤੇ ਹਮਲੇ ਕਰ ਚੁੱਕਿਆ ਹੈ, ਪਰ ਪੁਲੀਸ ਵੱਲੋਂ ਪਰਚੇ ਵੀ ਪ੍ਰਭਾਵਤ ਕਿਸਾਨਾਂ ਖਿਲਾਫ਼ ਹੀ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਲਰੀਆਂ ਸਿਰਫ ਸ਼ੁਰੂਆਤ ਹੈ ਅਤੇ ਪੰਜਾਬ ਸਰਕਾਰ 17 ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਨੋਟਿਸ ਕੱਢ ਚੁੱਕੀ ਹੈ। ਉਨ੍ਹਾਂ ਕਿਸਾਨਾਂ ਨੂੰ ਚੌਕਸ ਕੀਤਾ ਕਿ ਜੇਕਰ ਕੁਲਰੀਆਂ ਦਾ ਘੋਲ ਨਾ ਜਿੱਤਿਆ ਗਿਆ ਤਾਂ ਹੋਰ ਪਿੰਡਾਂ ਦੇ ਕਿਸਾਨਾਂ ਦੀ ਜ਼ਮੀਨ ਵੀ ਖੋਹੀ ਜਾਵੇਗੀ। ਇਸ ਮੌਕੇ ਹਰਨੇਕ ਸਿੰਘ ਮਹਿਮਾ, ਲਖਵੀਰ ਸਿੰਘ ਅਕਲੀਆ, ਮੱਖਣ ਸਿੰਘ ਭੈਣੀਬਾਘਾ, ਜਗਤਾਰ ਸਿੰਘ ਦੇਹੜਕਾ, ਸੁਖਚੈਨ ਸਿੰਘ ਰਾਜੂ, ਕੁਲਵੰਤ ਸਿੰਘ ਮਾਨ, ਬਲਵੰਤ ਸਿੰਘ ਉੱਪਲੀ, ਮਹਿੰਦਰ ਸਿੰਘ ਦਿਆਲਪੁਰਾ, ਜਗਸੀਰ ਸਿੰਘ ਜਵਾਹਰਕੇ, ਬਲਵਿੰਦਰ ਸ਼ਰਮਾ ਨੇ ਵੀ ਸੰਬੋਧਨ ਕੀਤਾ।