ਜਸਵੰਤ ਸਿੰਘ ਥਿੰਦ
ਮਮਦੋਟ, 5 ਮਈ
ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਫਿਰੋਜ਼ਪੁਰ ਦੇ ਵੱਖ ਵੱਖ ਬਲਾਕਾਂ ਵਿੱਚ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਸਬੰਧੀ ਲਿਸਟਾਂ ਤਿਆਰ ਕਰਨ ਦਾ ਕੰਮ ਜਾਰੀ ਹੈ। ਸੂਤਰਾਂ ਮੁਤਾਬਕ ਬਲਾਕ ਮਮਦੋਟ ਦੇ ਪਿੰਡ ਦੋਨਾ ਮੱਤੜ, ਸਾਧੂਵਾਲਾ, ਬੁਰਜ ਮੱਖਣ ਸਿੰਘ, ਚੱਕ ਰਾਉਕੇ ਹਿਠਾੜ, ਦਿਲਾਰਾਮ, ਦੋਨਾਂ ਰਹਿਮਤ, ਗੱਟੀ ਚੱਕ ਜਦੀਦ ਸਮੇਤ ਦਸ ਪਿੰਡਾਂ ਦੀ ਕਰੀਬ 167 ਏਕੜ ਜ਼ਮੀਨ ’ਤੇ ਪਿਛਲੇ ਲੰਬੇ ਸਮੇਂ ਤੋਂ ਭੂ-ਮਾਫੀਆ ਵੱਲੋਂ ਕਬਜ਼ਾ ਕੀਤਾ ਹੋਇਆ ਹੈ।
ਦੱਸਣਯੋਗ ਹੈ ਕਿ ਬਲਾਕ ਮਮਦੋਟ ਦੇ ਪਿੰਡਾਂ ਵਿੱਚ ਜ਼ਮੀਨ ਦਾ ਬਾਜ਼ਾਰੀ ਮੁੱਲ ਲੱਖਾਂ ਰੁਪਏ ਵਿਚ ਹੈ ਪਰ ਭੂ-ਮਾਫ਼ੀਆ ਕਈ ਕਰੋੜਾਂ ਰੁਪਇਆ ਦੀ ਜ਼ਮੀਨ ਆਪਣੇ ਕਬਜ਼ੇ ਹੇਠ ਲੈ ਕੇ ਕਾਸ਼ਤ ਕਰ ਰਿਹਾ ਹੈ। ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਜ਼ਮੀਨ ’ਤੇ ਭੂ-ਮਾਫੀਆ ਦਾ ਕਬਜ਼ਾ ਹੋਣ ਕਰਕੇ ਇਸ ਦੀ ਲੰਬੇ ਸਮੇਂ ਸਰਕਾਰੀ ਬੋਲੀ ਨਹੀਂ ਹੋ ਸਕੀ। ਇਸ ਜ਼ਮੀਨ ਤੋਂ ਇਲਾਵਾ ਬਲਾਕ ਦੀਆਂ ਹੋਰ ਬਹੁਤ ਸਾਰੀਆਂ ਗ੍ਰਾਮ ਪੰਚਾਇਤਾਂ ਦੀਆਂ ਜ਼ਮੀਨਾਂ ’ਤੇ ਲੋਕਾਂ ਦੇ ਨਾਜਾਇਜ਼ ਕਬਜ਼ੇ ਹਨ।
ਨਾਜਾਇਜ਼ ਕਬਜ਼ੇ ਹਰ ਹਾਲ ਵਿੱਚ ਛੁਡਾਏ ਜਾਣਗੇ: ਵਿਧਾਇਕ
ਹਲਕਾ ਵਿਧਾਇਕ (ਫਿਰੋਜ਼ਪੁਰ ਦਿਹਾਤੀ) ਐਡਵੋਕੇਟ ਰਜਨੀਸ਼ ਦਹੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਭੂ-ਮਾਫ਼ੀਆ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਹਰ ਹਾਲਤ ਵਿੱਚ ਛੁਡਾਏ ਜਾਣਗੇ।