ਨਿੱਜੀ ਪੱਤਰ ਪ੍ਰੇਰਕ
ਮੋਗਾ, 14 ਸਤੰਬਰ
ਇੱਥੇ ਮੋਗਾ, ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਵਿੱਚ ਕੌਮੀ ਲੋਕ ਅਦਾਲਤ ਲਾਈ ਗਈ। ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਅਤੇ ਸੀਜੇਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਿਰਨ ਜਯੋਤੀ ਨੇ ਦੱਸਿਆ ਕਿ ਕੁੱਲ 23 ਬੈਂਚ ਬਣਾਏ ਗਏ ਸਨ ਜਿਨ੍ਹਾਂ ਵਿੱਚ ਇੱਕ ਬੈਂਚ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਮੋਗਾ, 1 ਬੈਂਚ ਕੰਜਿਊਮਰ ਕੋਰਟ, 10 ਬੈਂਚ ਰੈਵੀਨਿਊ ਕੇਸਾਂ ਜਦਕਿ ਸੈਸ਼ਨ ਡਿਵੀਜ਼ਨ ਮੋਗਾ ਸਮੇਤ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨਾਂ ਦੇ ਵੱਖ-ਵੱਖ 11 ਬੈਂਚ ਬਣਾਏ ਗਏ। ਇਸ ਅਦਾਲਤ ਵਿੱਚ ਵੱਖ-ਵੱਖ ਬੈਂਚਾਂ ਵਿੱਚ ਕੁੱਲ 8114 ਕੇਸ ਰੱਖੇ ਗਏ ਸਨ ਜਿਨ੍ਹਾਂ ਵਿੱਚੋਂ 4744 ਪ੍ਰੀ-ਲਿਟੀਗੇਟਿਵ ਅਤੇ 987 ਪੈਂਡਿੰਗ ਕੇਸਾਂ ਦਾ ਮੌਕੇ ’ਤੇ ਆਪਸੀ ਰਜ਼ਾਮੰਦੀ ਨਾਲ ਰਾਜ਼ੀਨਾਮਾ ਕਰਵਾਇਆ ਗਿਆ ਅਤੇ ਕੁੱਲ 15 ਕਰੋੜ 92 ਲੱਖ 84 ਹਜ਼ਾਰ 379 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਫ਼ਿਰੋਜ਼ਪੁਰ ’ਚ ਲੱਗੀ ਕੌਮੀ ਲੋਕ ਅਦਾਲਤ ਵਿੱਚ ਲੱਗੇ ਕੁੱਲ 19902 ਵਿੱਚੋਂ 7555 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਕੇਸਾਂ ਦੀ ਸੁਣਵਾਈ ਲਈ ਕੁੱਲ 22 ਬੈਂਚ ਬਣਾਏ ਗਏ ਸਨ, ਜਿਨ੍ਹਾਂ ਵਿੱਚ ਸੈਸ਼ਨ ਡਿਵੀਜ਼ਨ ਫ਼ਿਰੋਜ਼ਪੁਰ ਦੀਆਂ ਅਦਾਲਤਾਂ ਵਿੱਚ 12 ਬੈਂਚ, ਸਥਾਈ ਲੋਕ ਅਦਾਲਤ ਵਿੱਚ 1 ਬੈਂਚ, ਜ਼ੀਰਾ ਵਿੱਚ 3 ਬੈਂਚ ਅਤੇ ਗੁਰੂਹਰਸਹਾਏ ਵਿੱਚ 1 ਬੈਂਚ ਬਣਾਏ ਗਏ। ਇਸ ਤੋਂ ਇਲਾਵਾ 1 ਉਪਭੋਗਤਾ ਅਦਾਲਤ ਫ਼ਿਰੋਜ਼ਪੁਰ ਦਾ ਬੈਂਚ ਅਤੇ 3 ਰੈਵੀਨਿਊ ਅਦਾਲਤਾਂ ਦੇ ਬੈਂਚ ਵੀ ਬਣਾਏ ਗਏ। ਇਸ ਕੌਮੀ ਅਦਾਲਤ ਵਿੱਚ ਕੁੱਲ 40,44,36,263 ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੇ ਕੌਮੀ ਲੋਕ ਅਦਾਲਤ ਵਿੱਚ 8 ਬੈਂਚ ਸ੍ਰੀ ਮੁਕਤਸਰ ਸਾਹਿਬ ਵਿੱਚ, 3 ਸਬ ਡਿਵੀਜ਼ਨ ਮਲੋਟ ਅਤੇ 2 ਸਬ ਡਿਵੀਜ਼ਨ ਗਿੱਦੜਬਾਹਾ ਵਿੱਚ ਲਾਏ ਗਏ ਜਿਸ ਵਿੱਚ ਕੁੱਲ 27 ਹਜ਼ਾਰ 215 ਕੇਸ ਰੱਖੇ ਗਏ ਜਿਨ੍ਹਾਂ ਵਿੱਚੋਂ ਕੁੱਲ 26 ਹਜ਼ਾਰ 998 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਰਾਜ ਕੁਮਾਰ ਨੇ ਦੱਸਿਆ ਕਿ ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕਰਵਾਇਆ ਜਾਂਦਾ ਹੈ। ਗਗਨਦੀਪ ਕੌਰ, ਸਕੱਤਰ/ਸੀ.ਜੇ.ਐੱਮ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ।