ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 20 ਫਰਵਰੀ
ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਆਉਂਦੇ ਸਥਾਨਕ ਕਸਬੇ ਸਮੇਤ ਆਸ-ਪਾਸ ਦੇ ਪਿੰਡਾਂ ਵਿੱਚ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਚੋਣ ਪ੍ਰਕਿਰਿਆ ਵਿੱਚ ਹਿੱਸਾ ਲਿਆ ਅਤੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸ ਵਾਰ ਬਜ਼ੁਰਗਾਂ, ਅੰਗਹੀਣਾਂ ਅਤੇ ਨੌਜਵਾਨਾਂ ਵਿੱਚ ਵੋਟਾਂ ਲਈ ਵੱਖਰਾ ਹੀ ਉਤਸ਼ਾਹ ਨਜ਼ਰ ਆਇਆ। ਸਵੇਰੇ ਸੱਤ ਵਜੇ ਤੋਂ ਹੀ ਚੋਣ ਕੇਂਦਰਾਂ ’ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ, ਜਦੋਂਕਿ ਵੋਟਾਂ ਪੈਣ ਦਾ ਕੰਮ ਅੱਠ ਵਜੇ ਤੋਂ ਸ਼ੁਰੂ ਕੀਤਾ ਗਿਆ। ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਥਿਤ ਬੂਥ ਨੰਬਰ-9 ’ਤੇ ਲਗਪਗ ਪੌਣਾ ਘੰਟਾ ਵੋਟਿੰਗ ਦੇਰ ਨਾਲ ਸ਼ੁਰੂ ਹੋਈ। ਸਬੰਧਤ ਚੋਣ ਅਮਲੇ ਨੂੰ ਈਵੀਐੱਮ ਮਸ਼ੀਨ ਦੀ ਸੈਟਿੰਗ ਕਰਨ ਵਿਚ ਕਾਫੀ ਮੁਸ਼ੱਕਤ ਕਰਨੀ ਪਈ। ਇਸ ਵਾਰ ਇੱਥੇ 4500 ਵੋਟਰਾਂ ਲਈ ਪੰਜ ਮਤਦਾਨ ਕੇਂਦਰ ਬਣਾਏ ਗਏ ਸਨ। ਇਸ ਵਾਰ ਮਤਦਾਨ ਕੇਂਦਰਾਂ ’ਤੇ ਸੁਰੱਖਿਆ ਦੇ ਵੀ ਬਹੁਤ ਮਜ਼ਬੂਤ ਪ੍ਰਬੰਧ ਕੀਤੇ ਗਏ। ਉਪ ਮੰਡਲ ਧਰਮਕੋਟ ਦੇ ਪੁਲੀਸ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਹਲਕੇ ਅੰਦਰ 206 ਬੂਥਾਂ ’ਤੇ 1025 ਪੁਲੀਸ ਅਤੇ ਪੈਰਾ ਮਿਲਟਰੀ ਦੇ ਜਵਾਨ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਹਲਕੇ ਅੰਦਰ 32 ਪੋਲਿੰਗ ਬੂਥਾਂ ਨੂੰ ਨਾਜ਼ੁਕ ਕਰਾਰ ਦਿੱਤਾ ਗਿਆ ਸੀ, ਇਸ ਲਈ ਉਥੇ ਵੱਧ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।