ਜੋਗਿੰਦਰ ਸਿੰਘ ਮਾਨ
ਮਾਨਸਾ, 6 ਮਈ
ਭਾਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾ,ਪਾਣੀ ਤੇ ਧਰਤੀ ਬਚਾਉਣ ਦਾ ਅੰਨਦਾਤਾ ਨੂੰ ਸੱਦਾ ਦਿੰਦਿਆਂ ਸੂਬੇ ਵਿੱਚ ਮੂੰਗੀ ਦੀ ਫ਼ਸਲ ਬੀਜਣ ਲਈ ਕਿਸਾਨਾਂ ਨੂੰ ਐਮਐਸਪੀ ਦੇਣ ਦਾ ਦਾਅਵਾ ਕੀਤਾ ਹੈ, ਪਰ ਖੇਤੀਬਾੜੀ ਮਹਿਕਮੇ ਦੇ ਦਫ਼ਤਰਾਂ ਵਿੱਚ ਮੂੰਗੀ ਦੀ ਸਮੇਂ ਸਿਰ ਬਿਜਾਈ ਵਾਸਤੇ ਕਿਸਾਨਾਂ ਨੂੰ ਲੋੜੀਂਦਾ ਬੀਜ ਮੁਹੱਈਆ ਨਹੀਂ ਹੋ ਸਕਿਆ, ਜਿਸ ਕਾਰਨ ਮਾਲਵਾ ਖੇਤਰ ਦੇ ਵੱਡੇ ਰਕਬੇ ’ਚ ਬਿਜਾਈ ਦਾ ਅਸਲ ਵੇਲਾ ਲੰਘ ਗਿਆ ਹੈ। ਦਿਲਚਸਪ ਗੱਲ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੁਤਾਬਕ ਗਰਮੀ ਰੁੱਤ ਦੀ ਮੂੰਗੀ ਦੀ ਬਿਜਾਈ 10 ਅਪਰੈਲ ਤੱਕ ਕੀਤੀ ਜਾ ਸਕਦੀ ਹੈ, ਜਦੋਂ ਕਿ ਦੂਜੀ ਵਾਰ ਫ਼ਸਲ ਜੁਲਾਈ ਦੇ ਪਹਿਲੇ ਹਫ਼ਤੇ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਸਾਬਕਾ ਵਿਧਾਇਕ ਤੇ ਪਨਸੀਡ ਦੇ ਸਾਬਕਾ ਡਾਇਰੈਕਟਰ ਸੁਖਵਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਮੂੰਗੀ ਫ਼ਲੀਦਾਰ ਫ਼ਸਲ ਹੈ, ਜਿਸ ਨਾਲ ਖੇਤ ਤੰਦਰੁਸਤ ਤੇ ਮਿੱਟੀ ਤਾਕਤਵਰ ਹੁੰਦੀ ਹੈ, ਜਿਸ ਤੋਂ ਬਾਅਦ ਬੀਜੀ ਫ਼ਸਲ ਦਾ ਬਹੁਤ ਝਾੜ ਪ੍ਰਾਪਤ ਹੋਣ ਦੀਆਂ ਉਮੀਦਾਂ ਬੱਝ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ ਦੇ ਬਹੁਤੇ ਕਿਸਾਨ ਮੂੰਗੀ ਤੋਂ ਬਾਅਦ ਝੋਨਾ ਅਤੇ ਬਾਸਮਤੀ ਨੂੰ ਬੀਜਣ ਨੂੰ ਤਰਜੀਹ ਦਿੰਦੇ ਹਨ, ਪਰ ਉਹ ਮੂੰਗੀ ਪਿੱਛੇ ਆਪਣੀ ਝੋਨੇ ਦੀ ਫ਼ਸਲ ਨੂੰ ਲੇਟ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਮੂੰਗੀ ਦਾ ਬੀਜ ਬਹੁਤ ਸਮਾਂ ਪਹਿਲਾਂ ਭੇਜਣਾ ਚਾਹੀਦਾ ਸੀ।
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਦੀ ਫ਼ਸਲ ’ਤੇ ਐੱਮਐੱਸਪੀ ਦੇਣ ਦਾ ਮਾਮਲਾ ਸੱਪ ਲੰਘੇ ਤੋਂ ਲੀਹ ਕੁੱਟਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ’ਤੇ ਐੱਮਐੱਸਪੀ (ਸਮਰੱਥਨ ਮੁੱਲ) ਦੇਣ ਦਾ ਵਾਅਦਾ ਤਾਂ ਚੰਗੀ ਗੱਲ ਹੈ, ਪਰ ਖੇਤੀਬਾੜੀ ਮਹਿਕਮਾ ਮੂੰਗੀ ਦੀ ਬਿਜਾਈ ਵੇਲੇ ਸੁੱਤਾ ਪਿਆ ਰਿਹਾ ਤੇ ਹੁਣ ਜਦੋਂ ਝੋਨੇ ਲਾਉਣ ਦਾ ਸਮਾਂ ਨੇੜੇ ਹੈ ਤਾਂ ਮੂੰਗੀ ਦਾ ਸਮਰਥਨ ਮੁੱਲ ਯਾਦ ਆ ਗਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਿਆਨ ਬਹੁਤ ਦੇਰ ਨਾਲ ਦਿੱਤਾ ਗਿਆ ਹੈ, ਜੋ ਕਿਸਾਨਾਂ ਦੀ ਸਮਝ ਤੋਂ ਬਾਹਰ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਕਿਹਾ ਕਿ ਖੇਤੀਬਾੜੀ ਵਿਭਾਗ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਮਹਿਕਮੇ ਵੱਲੋਂ ਸਮੇਂ-ਸਿਰ ਨਾ ਹੀ ਕਿਸਾਨਾਂ ਨੂੰ ਮੱਕੀ ਤੇ ਮੂੰਗੀ ਬੀਜਣ ਲਈ ਉਤਸ਼ਾਹਿਤ ਕੀਤਾ ਗਿਆ, ਸਗੋਂ ਆਪਣੇ ਦਫਤਰਾਂ ’ਚ ਕੁੰਭਕਰਨੀ ਨੀਂਦ ਸੁੱਤੇ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਮੂੰਗੀ ਦਾ ਬੀਜ ਕਿਸਾਨਾਂ ਨੂੰ ਵੰਡਣ ਲਈ ਭੇਜਿਆ ਗਿਆ ਸੀ,ਉਸ ਦੀ ਸਮੇ-ਸਿਰ ਵੰਡ ਨਹੀਂ ਕੀਤੀ ਜੋ ਬੀਜ ਦਿੱਤਾ ਗਿਆ, ਉਹ ਵੀ ਆਪਣੇ ਚਹੇਤਿਆਂ ਨੂੰ ਹੀ ਦਿੱਤਾ ਜਾਂਦਾ ਹੈ ਤੇ ਆਮ ਕਿਸਾਨ ਬੀਜ ਤੋ ਬਾਝੇ ਰਹਿ ਜਾਦੇ ਹਨ, ਜਦੋਂਕਿ ਹੁਣ ਮੂੰਗੀ ਬੀਜਣ ਦਾ ਸਮਾਂ ਲੰਘ ਗਿਆ। ਉਨ੍ਹਾਂ ਕਿਹਾ ਕਿ ਜੇਕ ਕਿਸਾਨ ਹੁਣ ਮੂੰਗੀ ਬੀਜਣ ਤੋਂ ਬਾਅਦ ਝੋਨੇ ਦੀ ਬਿਜਾਈ ਕਰਦੇ ਹਨ ਤਾਂ ਝੋਨਾ ਲੇਟ ਹੋਣ ਕਾਰਨ ਪੱਕਣ ਸਮੇਂ ਠੰਡ ਉੱਤਰ ਆਉਂਦੀ ਹੈ ਫਿਰ ਨਮੀ ਦਾ ਬਹਾਨਾ ਬਣਾਕੇ ਕਿਸਾਨ ਖੱਜਲ-ਖੁਆਰ ਕੀਤੇ ਜਾਂਦੇ ਹਨ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਸਰਕਾਰ ਮੂੰਗੀ ਸਬੰਧੀ ਫ਼ੈਸਲਾ ਲੈਣ ਵਿੱਚ ਲੇਟ ਹੋ ਗਈ ਹੈ। ਮੂੰਗੀ ਦੀ ਫ਼ਸਲ ਕਣਕ ਵੱਢਣ ਸਾਰ ਹੀ ਬੀਜਣੀ ਪੈਂਦੀ ਹੈ ਤੇ ਅੱਗੇ ਚੱਲਕੇ ਬਾਸਮਤੀ ਝੋਨਾ ਕਿਸਾਨ ਲਾ ਸਕਦੇ ਸਨ, ਪਰ ਹੁਣ ਦੇਰੀ ਹੋ ਚੁੱਕੀ ਹੈ। ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਮਨੋਜ ਕੁਮਾਰ ਨੇਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ 750 ਥੈਲੀਆਂ (ਪ੍ਰਤੀ ਥੈਲੀ 4 ਕਿਲੋ) ਆਈਆਂ ਸਨ, ਜਿਸ ਨਾਲ ਜ਼ਿਲ੍ਹੇ ’ਚ 250 ਏਕੜ ਰਕਬਾ ਮੂੰਗੀ ਦਾ ਬੀਜਿਆ ਗਿਆ ਹੈ, ਜਦੋਂਕਿ ਕਿਸਾਨਾਂ ਨੇ ਬਾਹਰੋਂ ਪ੍ਰਾਈਵੇਟ ਬੀਜ ਲੈ ਕੇ ਵੀ ਬਿਜਾਈ ਕੀਤੀ ਹੈ।