ਪੱਤਰ ਪ੍ਰੇਰਕ
ਮਾਨਸਾ, 13 ਅਪਰੈਲ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਗਰੀਬਾਂ ਦੇ ਘਰ ਹਨੇਰਾ ਕਰਨ ਵਾਲੀ ਕੈਪਟਨ ਸਰਕਾਰ ਖਿਲਾਫ਼ ਗਰੀਬਾਂ ਦੇ ਘਰ ਚਾਨਣ ਕਰਨ ਦੀ ਮੁਹਿੰਮ ਤਹਿਤ ਪਿੰਡ ਮੌਜੀਆ ਅਤੇ ਕੋਟਲੀ ਕਲਾਂ ਵਿੱਚ ਕਈ ਗਰੀਬ ਪਰਿਵਾਰਾਂ ਦੇ ਘਰਾਂ ’ਚ ਜਥੇਬੰਦੀ ਵੱਲੋਂ ਤਾਰਾਂ ਜੋੜਕੇ ਚਾਨਣ ਕੀਤਾ ਗਿਆ। ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਸੇਵਕ ਸਿੰਘ ਮਾਨਬੀਬੜੀਆਂ ਨੇ ਕਿਹਾ ਕਿ ਚੋਣਾਂ ਵੇਲੇ ਵਾਅਦਾ ਕੀਤਾ ਗਿਆ ਸੀ ਕਿ ਕਿਸੇ ਵੀ ਗਰੀਬ ਦਾ ਮੀਟਰ ਨਹੀਂ ਪੁੱਟਿਆ ਜਾਵੇਗਾ ਅਤੇ ਬਿਜਲੀ ਦੇ ਵੱਧ ਆਏ ਬਿੱਲ ਮੁਆਫ਼ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਚੋਣਾਂ ’ਚ ਜਿੱਤਣ ਤੋਂ ਬਾਅਦ ਕੈਪਟਨ ਸਰਕਾਰ ਦਾ ਗਰੀਬਾਂ ਨਾਲ ਕੀਤਾ ਇੱਕ ਵਾਅਦਾ ਵੀ ਪੂਰਾ ਨਹੀਂ ਹੋਇਆ ਅਤੇ ਉਲਟਾ ਕੈਪਟਨ ਸਰਕਾਰ ਗਰੀਬਾਂ ਦੇ ਵਿਰੁੱਧ ’ਚ ਕਿਰਤ ਕਾਨੂੰਨ ਖ਼ਤਮ ਕਰ ਕੇ ਸਰਮਾਏਦਾਰਾਂ ਦੇ ਪੱਖ ’ਚ ਭੁਗਤ ਰਹੀ ਹੈ।