ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਨਵੰਬਰ
ਸਥਾਨਕ ਜਿਲ੍ਹਾ ਅਧਿਕਾਰੀਆਂ ਵੱਲੋਂ ਨਰੇਗਾ ਰੁਜ਼ਗਾਰ ਪਰਾਪਤ ਮਜ਼ਦੂਰ ਯੂਨੀਅਨ (ਏਟਕ) ਨੂੰ ਖੁਦ ਮੀਟਿੰਗ ਦਾ ਸਮਾਂ ਦੇ ਕੇ ਅਫ਼ਸਰਸ਼ਾਹੀ ਗੈਰਹਾਜ਼ਰ ਹੋਣ ਤੋਂ ਖੱਬੇ ਪੱਖੀ ਆਗੂ ਭੜਕ ਉੱਠੇ ਤੇ ਜਿਲ੍ਹਾ ਸਕੱਤਰੇਤ ਅੰਦਰ ਸਰਕਾਰੀ ਮੀਟਿੰਗ ਹਾਲ ਵਿੱਚ ਹੀ ਪ੍ਰਸ਼ਾਸਨ ਦੀ ਬੇਰੁੱਖੀ ਖ਼ਿਲਾਫ 13 ਨਵੰਬਰ ਨੂੰ ਮੀਟਿੰਗ ਕਰਕੇ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ। ਸੀਪੀਆਈ ਜ਼ਿਲ੍ਹਾ ਸਕੱਤਰ ਜੱਥੇਬੰਦੀ ਕਾ.ਕੁਲਦੀਪ ਸਿੰਘ ਭੋਲਾ ਜੋ ਨਰੇਗਾ ਰੁਜ਼ਗਾਰ ਪਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸਲਾਹਕਾਰ ਅਤੇ ਜ਼ਿਲ੍ਹਾ ਸ਼ਕਾਇਤ ਨਿਵਾਰਨ ਕਮੇਟੀ ਮੈਂਬਰ ਨੇ ਦੱਸਿਆ ਕਿ ਜ਼ਿਲ੍ਹਾ ਸਕੱਤਰੇਤ ਵਿਖੇ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਦੀ ਅਗਵਾਈ ਹੇਠ ਮੀਟਿੰਗ ਡਿਪਟੀ ਕਮਿਸਨਰ ਤੇ ਹੋਰ ਅਧਿਕਾਰੀਆਂ ਨਾਲ ਪਹਿਲਾਂ ਤੋਂ ਤੈਅ ਸਮੇਂ ਅਨੁਸਾਰ 2. 40 ਸ਼ਾਮ ਵੱਜੇ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਮੀਟਿੰਗ ਵਿੱਚ ਡੀਡੀਪੀਓ ਅਤੇ ਜਿਲ੍ਹੇ ਦੇ ਬੀਡੀਪੀਓਜ਼ ਤੇ ਹੋਰ ਸਟਾਫ ਪਹੁੰਚ ਗਿਆ ਪਰ ਨਰੇਗਾ ਨਾਲ ਸਿੱਧੇ ’ਤੇ ਤੌਰ ਉੱਤੇ ਸਬੰਧਤ ਏਡੀਸੀ ਵਿਕਾਸ ਤੇ ਹੋਰ ਸਬੰਧਤ ਸਟਾਫ਼ ਗੈਰਹਾਜ਼ਰ ਹੋਣ ਕਾਰਨ ਮੀਟਿੰਗ ਸੰਭਵ ਨਹੀਂ ਸੀ। ਮੀਟਿੰਗ ਵਿੱਚ ਹਾਜ਼ਰ ਡੀਸੀ ਵੀ ਦਸ ਮਿੰਟ ਬਾਅਦ ਹੋਰ ਕਿਤੇ ਜ਼ਰੂਰੀ ਮੀਟਿੰਗ ਹੋਣ ਬਾਰੇ ਕਹਿ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਇਸ ਬੇਰੁਖ਼ੀ ਕਾਰਨ 13 ਨਵੰਬਰ ਨੂੰ ਸ਼ਹੀਦ ਨਛੱਤਰ ਸਿੰਘ ਯਾਦਗਰੀ ਭਵਨ ਵਿੱਚ ਮੀਟਿੰਗ ਸੱਦੀ ਗਈ ਹੈ ਅਤੇ ਪ੍ਰਸ਼ਾਸਨ ਵਿਰੁੱਧ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਹਰ ਪਿੰਡ ਤੋਂ ਦੋ-ਦੋ ਮਗਨਰੇਗਾ ਆਗੂਆਂ ਨੂੰ ਠੀਕ ਗਿਆਰਾਂ ਵੱਜੇ ਮੀਟਿੰਗ ਵਿੱਚ ਹਾਜ਼ਰ ਹੋਣ ਦਾ ਸੱਦਾ ਦਿੱਤਾ ਗਿਆ ਹੈ ।