ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 21 ਸਤੰਬਰ
ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚਿੱਠੀ ਲਿਖ ਕੇ ਇਸ ਜ਼ਿਲ੍ਹੇ ਅੰਦਰ ਹੜ੍ਹ ਦੀ ਮਾਰ ਹੇਠ ਆਈਆਂ ਫ਼ਸਲਾਂ ਦੇ ਲਈ ਜਾਰੀ ਕੀਤੇ ਮੁਆਵਜ਼ੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ। ਸਾਬਕਾ ਵਿਧਾਇਕ ਨੇ ਇਸ ਮੁਆਵਜ਼ਾ ਰਾਸ਼ੀ ਵਿਚ ਕਰੋੜਾਂ ਰੁਪਏ ਦੇ ਘਪਲੇ ਦੀ ਖਦਸ਼ਾ ਜ਼ਾਹਰ ਕੀਤਾ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਨਾਜਾਇਜ਼ ਰੇਤੇ ਦੀਆਂ ਖੱਡਾਂ ਤੁਰੰਤ ਬੰਦ ਕਰਵਾਉਣ ਅਤੇ ਜ਼ਿਲ੍ਹੇ ਅੰਦਰ ਕਾਨੂੰਨ ਵਿਵਸਥਾ ਦੀ ਵਿਗੜ ਚੁੱਕੀ ਹਾਲਤ ਨੂੰ ਤੁਰੰਤ ਠੀਕ ਕਰਨ ਦੀ ਵੀ ਅਪੀਲ ਕੀਤੀ।
ਵਿਧਾਇਕ ਨੰਨੂ ਨੇ ਆਪਣੀ ਇਸ ਚਿੱਠੀ ਨੂੰ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤਾ ਹੈ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਨੇ ਸਾਲ 2017-18 ਅਤੇ 2019 ਵਿਚ ਖਰਾਬ ਹੋਈਆਂ ਫ਼ਸਲਾਂ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਮੁਆਵਜ਼ੇ ਦੀ ਪੜਤਾਲ ਕਰਵਾਉਣ ਦੀ ਮੰਗ ਰੱਖੀ ਹੈ। ਉਨ੍ਹਾਂ ਦਾ ਦੋਸ਼ ਕਿ ਇਹ ਮੁਆਵਜ਼ਾ ਰਾਸ਼ੀ ਪੀੜਤ ਕਿਸਾਨਾਂ ਤੱਕ ਨਹੀਂ ਪਹੁੰਚਣ ਦੀ ਬਜਾਏ ਇਸ ਨੂੰ ਰਾਹ ਵਿਚ ਹੀ ਖੁਰਦ-ਬੁਰਦ ਕਰ ਦਿੱਤਾ ਗਿਆ। ਇਸ ਮੁਆਵਜ਼ਾ ਰਾਸ਼ੀ ਨੂੰ ਲੈ ਕੇ ਪਹਿਲਾਂ ਵੀ ਅਕਾਲੀ ਦਲ ਦੇ ਇੱਕ ਵਰਕਰ ਵੱਲੋਂ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜੀ ਜਾ ਚੁੱਕੀ ਹੈ, ਪਰ ਉਸ ’ਤੇ ਹਾਲੇ ਤੱਕ ਕੋਈ ਕਾਰਵਾਈ ਕੀਤੀ ਗਈ।