ਪੱਤਰ ਪ੍ਰੇਰਕ
ਮਾਨਸਾ, 14 ਅਕਤੂਬਰ
ਸਥਾਨਕ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਰਾਜੀ ਪੀ. ਸ੍ਰੀਵਾਸਤਵਾ ਨੂੰ ਪੱਤਰ ਲਿਖ ਕੇ ਅਪਾਹਜ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਦੀ ਪਾਤਰਤਾ 50 ਫੀਸਦ ਤੋਂ ਘਟਾ ਕੇ 40 ਫੀਸਦ ਕਰਨ ਦੀ ਮੰਗ ਕੀਤੀ ਹੈ।ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਪੱਤਰ ਵਿੱਚ ਕਿਹਾ ਕਿ ਸਰਕਾਰ ਵੱਲੋਂ ਅਪੰਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਸਕੀਮ ਅਧੀਨ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ ਅਤੇ ਇਸ ਸਮੇਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਪੰਗਤਾ ਦੀ ਪੈਨਸ਼ਨ ਲਗਾਉਣ ਦੀ ਘੱਟੋ-ਘੱਟ ਪ੍ਰਤੀਸ਼ਤਤਾ 50 ਫ਼ੀਸਦੀ ਹੈ, ਪਰ ਬਹੁਤ ਸਾਰੇ ਅਪੰਗ ਵਿਅਕਤੀ ਇਸ ਰੂਪ ਵਿੱਚ ਪੈਨਸ਼ਨ ਲਗਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ, ਕਿਉਂਕਿ 40 ਫ਼ੀਸਦ ਅਪੰਗਤਾ ਵਾਲੇ ਵਿਅਕਤੀ ਨੂੰ ਪੈਨਸ਼ਨ ਦਾ ਲਾਭ ਨਹੀਂ ਮਿਲਦਾ, ਜਦੋਂ ਕਿ ਆਰਪੀ ਐਕਟ ਡਬਲਿਊ-2016 ਸਾਰੀਆਂ ਸਹੂਲਤਾਂ ਦੇਣ ਲਈ ਅਪੰਗਤਾ ਦੀ ਪਾਤਰਤਾ 40 ਫ਼ੀਸਦੀ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਪੰਗ ਵਿਅਕਤੀਆਂ ਨੂੰ ਪੈਨਸ਼ਨ ਲਗਾਉਣ ਲਈ ਰੂਲਾਂ ਵਿੱਚ ਅਪੰਗਤਾ ਦੀ ਘੱਟ-ਘੱਟ 40 ਫ਼ੀਸਦ ਕੀਤੀ ਜਾਵੇ ਤਾਂ ਜੋ ਪੰਜਾਬ ਸਰਕਾਰ ਦੀ ਅਪੰਗਤਾ ਪੈਨਸ਼ਨ ਦਾ ਵੱਧ ਤੋਂ ਵੱਧ ਲਾਭ ਲੈ ਸਕਣ।