ਨਿੱਜੀ ਪੱਤਰ ਪ੍ਰੇਰਕ
ਜਲਾਲਾਬਾਦ, 3 ਨਵੰਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਤਿਉਹਾਰਾਂ ਮੌਕੇ ਪਟਾਕੇ ਵੇਖਣ ਲਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸੰਧੂ ਦੀ ਮੌਜੂਦਗੀ ’ਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਬਿਨੈਕਾਰਾਂ ਅੱਗੇ ਡਰਾਅ ਕੱਢੇ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ’ਚ 671 ਅਰਜ਼ੀਆਂ ਤਿਉਹਾਰਾਂ ’ਤੇ ਪਟਾਕੇ ਵੇਚਣ ਲਈ ਮਿਲੀਆਂ ਸਨ ਜਿਨ੍ਹਾਂ ’ਚ 67 ਬਿਨੈਕਾਰਾਂ ਨੂੰ ਡਰਾਅ ਰਾਹੀਂ ਆਰਜ਼ੀ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਕੀਤੇ ਹਨ। ਲੋਕ ਬਹੁਮੰਤਵੀ ਸਟੇਡੀਅਮ ਜਲਾਲਾਬਾਦ ’ਚ 18, ਸਟੇਡੀਅਮ ਫਾਜ਼ਿਲਕਾ ’ਚ 18, ਲੋਕ ਪੁੱਡਾ ਕਾਲੋਨੀ ਅਬੋਹਰ 25 ਅਤੇ ਥਾਣਾ ਅਰਨੀਵਾਲਾ ਨੇੜੇ ਪੰਚਾਇਤੀ ਥਾਂ ’ਤੇ 6 ਲਾਇਸੈਂਸਧਾਰਕ ਆਪਣੀਆਂ ਸਟਾਲਾਂ ਲਗਾ ਕੇ ਪਟਾਕੇ ਵੇਚ ਸਕਣਗੇ। ਉਨ੍ਹਾਂ ਦੱਸਿਆ ਕਿ ਦੀਵਾਲੀ ਦੀ ਰਾਤ ਪਟਾਕੇ 8 ਤੋਂ 10 ਵਜੇ ਰਾਤ ਤੱਕ ਚਲਾਏ ਜਾ ਸਕਣਗੇ। ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਕੰਵਲਜੀਤ ਸਿੰਘ, ਐੱਸਡੀਐੱਮ ਕੇਸ਼ਵ ਗੋਇਲ ਤੇ ਹੋਰ ਅਧਿਕਾਰੀ ਮੌਜੂਦ ਸਨ।
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਗੁਰਪੁਰਬ ਤੇ ਹੋਰ ਤਿਊਹਾਰਾਂ ਮੌਕੇ ਪਟਾਕੇ ਵੇਚਣ ਲਈ ਮੁਕਤਸਰ, ਮਲੋਟ ਤੇ ਗਿੱਦੜਬਾਹਾ ਉਪ ਮੰਡਲਾਂ ਵਾਸਤੇ 30 ਲਾਇਸੈਂਸ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਐੱਮ.ਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 385 ਅਰਜ਼ੀਆਂ ਮਿਲੀਆਂ ਸਨ ਜਿਨ੍ਹਾਂ ਦੇ ਡਰਾਅ ਰਾਹੀਂ 30 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ। ਮੁਕਤਸਰ 16, ਮਲੋਟ ਲਈ 9 ਅਤੇ ਗਿੱਦੜਬਾਹਾ ਲਈ 5 ਵਿਅਕਤੀਆਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ।