ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਸਤੰਬਰ
ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜ ਕੁਮਾਰ ਗਰਗ ਦੀ ਅਦਾਲਤ ਨੇ ਵਿਆਹੁਤਾ ਦੇ ਕਤਲ ਦੇ ਦੋਸ਼ ਹੇਠ ਪਤੀ, ਦਿਓਰ ਅਤੇ ਸੱਸ ਨੂੰ ਉਮਰ ਕੈਦ ਦੀ ਸਜ਼ਾ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੰਗਾਨਗਰ ਦੇ ਰਹਿਣ ਵਾਲੇ ਦਇਆ ਰਾਮ ਦੀ ਪੁੱਤਰੀ ਸੁਮਨ ਦੇਵੀ, ਮਲੋਟ ਲਾਗਲੇ ਪਿੰਡ ਸ਼ੇਰਾਂਵਾਲੀ ਵਿਖੇ ਸੰਦੀਪ ਕੁਮਾਰ ਨੂੰ ਵਿਆਹੀ ਹੋਈ ਸੀ। ਦਇਆ ਰਾਮ ਨੇ 11 ਮਈ 2018 ਨੂੰ ਥਾਣਾ ਲੰਬੀ ਦੀ ਪੁਲੀਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਪੁੱਤਰੀ ਸੁਮਨ ਦੇਵੀ ਦਾ ਕਤਲ ਉਸ ਦੇ ਪਤੀ ਸੰਦੀਪ ਕੁਮਾਰ, ਦਿਓਰ ਰਵਿੰਦਰ ਕੁਮਾਰ ਅਤੇ ਸੱਸ ਸੰਤੋਸ਼ ਦੇਵੀ ਨੇ ਰਲ ਕੇ ਕਰ ਦਿੱਤਾ ਹੈ। ਪੁਲੀਸ ਨੇ ਇਸ ਸਬੰਧੀ ’ਚ ਮੁਕੱਦਮਾ ਦਰਜ ਕਰਕੇ ਮਾਮਲਾ ਅਦਾਲਤ ਹਵਾਲੇ ਕਰ ਦਿੱਤਾ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਤੇ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ ਹੈ।