ਪੱਤਰ ਪ੍ਰੇਰਕ
ਮਾਨਸਾ, 5 ਨਵੰਬਰ
ਡਿਪਟੀ ਕਮਿਸ਼ਨਰ ਦੇ ਘਰ ਨੂੰ ਜਾਂਦੀਆਂ ਸਾਰੀਆਂ ਸੜਕਾਂ ‘ਤੇ ਘੁੱਪ ਹਨ੍ਹੇਰਾ ਛਾਇਆ ਹੋਇਆ ਹੈ। ਬੇਸ਼ੱਕ ਸਰਦੀ ਸ਼ੁਰੂ ਹੋਣ ਕਾਰਨ ਇਨ੍ਹਾਂ ਲਾਈਟਾਂ ਦੇ ਚਾਲੂ ਹੋਣ ਲਈ ਕਈ ਸਾਲਾਂ ਤੋਂ ਸ਼ਹਿਰੀਆਂ ਵੱਲੋਂ ਰੌਲਾ ਪਾਇਆ ਜਾਂਦਾ ਹੈ, ਪਰ ਹਰ ਵਾਰ ਸਿਵਾਏ ਦਿਲਾਸਿਆਂ ਤੋਂ ਲੋਕਾਂ ਨੂੰ ਕੁਝ ਵੀ ਨਹੀਂ ਹਾਸਲ ਹੋਇਆ ਹੈ।
ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਸਾਲਾਂ ਤੇ ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਇਸ ਸੜਕ ਦੇ ਵੱਡੇ ਖੰਭਿਆਂ ’ਤੇ ਲਾਈਆਂ ਲਾਈਟਾਂ ਚੱਲ ਸਕੀਆਂ ਤੇ ਨਾ ਹੀ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਸਾਹਮਣੇ ਤਿੰਨਕੌਣੀ ਚੌਕ ਵਿੱਚ ਲਾਈਆਂ ਟ੍ਰੈਫਿਕ ਲਾਈਟਾਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰ ਸਕੀਆਂ। ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਤੇ ਅਧਿਕਾਰੀਆਂ ਕੋਲ ਅਨੇਕਾਂ ਵਾਰ ਇਹ ਮੁੱਦਾ ਚੁੱਕਿਆ ਹੈ,ਪਰ ਇਸ ‘ਤੇ ਅੱਜ ਤੱਕ ਕੋਈ ਗੌਰ ਨਹੀਂ ਹੋ ਸਕੀ। ਪੁੱਛਣ ‘ਤੇ ਨਗਰ ਕੌਂਸਲ ਅਧਿਕਾਰੀਆਂ ਦਾ ਜਵਾਬ ਹੈ ਕਿ ਪਹਿਲਾਂ ਇਨ੍ਹਾਂ ਵਿੱਚੋਂ ਕੁਝ ਲਾਇਟਾਂ ਚਲਾ ਦਿੱਤੀਆਂ ਗਈਆਂ ਸਨ,ਪਰ ਹੁਣ ਇਨ੍ਹਾਂ ਲਾਇਟਾਂ ਵਿੱਚ ਕੁਝ ਖਰਾਬੀ ਆ ਗਈ ਹੈ, ਜਿਸ ਕਰਕੇ ਅੱਜ ਕੱਲ੍ਹ ਇਹ ਲਾਇਟਾਂ ਨਹੀਂ ਚੱਲ ਸਕੀਆਂ। ਨਗਰ ਕੌਂਸਲ ਮਾਨਸਾ ਦੇ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਲਿੰਕ ਰੋਡ ਸੜਕ ਦੀਆਂ ਕੁਝ ਲਾਈਟਾਂ ਖਰਾਬ ਹੋਣ ਕਰਕੇ ਨਹੀਂ ਚੱਲ ਰਹੀਆਂ। ਇਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਇਹ ਲਾਇਟਾਂ ਨੂੰ ਚਲਾ ਦਿੱਤਾ ਜਾਵੇਗਾ।