ਨਿੱਜੀ ਪੱਤਰ ਪ੍ਰੇਰਕ/ਖੇਤਰੀ ਪ੍ਰਤੀਨਿਧ
ਬਰਨਾਲਾ, 19 ਫਰਵਰੀ
ਚੋਣਾਂ ਦੇ ਮੱਦੇਨਜ਼ਰ ਡਰਾਈ ਡੇਅ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਬਰਨਾਲਾ ਸ਼ਹਿਰ ਦੇ 25 ਏਕੜ ਖੇਤਰ ਵਿਚ ਰਾਤ ਕਰੀਬ 12 ਵਜੇ ਖੁੱਲ੍ਹੇ ਸ਼ਰਾਬ ਦੇ ਠੇਕੇ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਰਿਟਰਨਿੰਗ ਅਫ਼ਸਰ ਬਰਨਾਲਾ ਵਰਜੀਤ ਵਾਲੀਆ ਵੱਲੋਂ ਠੇਕਾ ਮੌਕੇ ’ਤੇ ਸੀਲ ਕਰਵਾ ਦਿੱਤਾ ਗਿਆ। ਪੁਲੀਸ ਨੇ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਰਿਟਰਨਿੰਗ ਅਫ਼ਸਰ ਅਤੇ ਬਰਨਾਲਾ ਪੁਲੀਸ ਦੀ ਟੀਮ ਨੂੰ 25 ਏਕੜ ’ਚ ਸ਼ਰਾਬ ਦਾ ਠੇਕਾ ਖੁੱਲ੍ਹੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ’ਤੇ ਕਾਰਵਾਈ ਕਰਨ ਲਈ ਵਰਜੀਤ ਵਾਲੀਆ ਦੀ ਅਗਵਾਈ ਹੇਠ ਟੀਮ ਮੌਕੇ ’ਤੇ ਪੁੱਜ ਗਈ ਅਤੇ ਠੇਕਾ ਸੀਲ ਕਰ ਦਿੱਤਾ ਗਿਆ। ਥਾਣਾ ਸਿਟੀ 1 ਬਰਨਾਲਾ ਦੀ ਟੀਮ ਨੇ ਆਈਪੀਸੀ ਦੀ ਧਾਰਾ 188 ਤਹਿਤ ਰਾਜੂ ਰਾਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ 18 ਫਰਵਰੀ 2022 ਨੂੰ ਸ਼ਾਮ 6 ਵਜੇ ਤੋਂ 20 ਫਰਵਰੀ 2022 ਨੂੰ ਚੋਣਾਂ ਮੁਕੰਮਲ ਹੋਣ ਤੱਕ ਅਤੇ ਚੋਣਾਂ ਦੀ ਗਿਣਤੀ ਵਾਲੇ ਦਿਨ ਮਿਤੀ 10 ਮਾਰਚ 2022 ਨੂੰ ਡਰਾਈ ਡੇਅ ਐਲਾਨਿਆ ਗਿਆ ਹੈ।
ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ
ਕਾਲਾਂਵਾਲੀ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੀ ਹੱਦ ’ਤੇ ਪੁਲੀਸ ਪੂਰੀ ਤਰ੍ਹਾਂ ਚੌਕਸ ਹੈ। ਇਸ ਚੌਕਸੀ ਦੇ ਤਹਿਤ ਬੀਤੇ ਦਿਨ ਕਾਲਾਂਵਾਲੀ ਪੁਲੀਸ ਨੇ ਜਗਮਾਲਵਾਲੀ ਦੇ ਕੋਲ ਇੱਕ ਗੱਡੀ ’ਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਗੱਡੀ ਚਾਲਕ ਅਤੇ ਸ਼ਰਾਬ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਕਾਲਾਂਵਾਲੀ ਪੁਲੀਸ ਦੀ ਹੱਦ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜਗਮਾਲਵਾਲੀ ਰੋਡ ਉੱਤੇ ਪੁਲੀਸ ਨੇ ਇੱਕ ਗੱਡੀ ਨੂੰ ਰੋਕ ਕੇ ਤਲਾਸ਼ੀ ਲਈ। ਗੱਡੀ ਵਿੱਚੋਂ ਭਾਰੀ ਮਾਤਰਾ ਵਿੱਚ ਸ਼ਰਾਬ ਮਿਲੀ। ਇਸ ਤੋਂ ਬਾਅਦ ਪੁਲੀਸ ਨੇ ਗੱਡੀ ਦੇ ਡਰਾਈਵਰ ਗੌਰਵ ਬਜਾਜ ਵਾਸੀ ਅਬੋਹਰ ਨੂੰ ਹਿਰਾਸਤ ਵਿੱਚ ਲੈ ਲਿਆ। ਪੁੱਛਗਿਛ ਵਿੱਚ ਉਸ ਨੇ ਦੱਸਿਆ ਕਿ ਉਹ ਇਹ ਸ਼ਰਾਬ ਪੰਜਾਬ ਲੈ ਕੇ ਜਾ ਰਿਹਾ ਸੀ। ਉਸ ਨੇ ਇਹ ਸ਼ਰਾਬ ਜਗਮਾਲਵਾਲੀ ਦੇ ਠੇਕੇਦਾਰ ਸੱਤੂ ਤੋਂ ਖ਼ਰੀਦੀ ਸੀ ਅਤੇ ਇਸ ਨੂੰ ਅਬੋਹਰ ਲੈ ਕੇ ਜਾਣਾ ਸੀ। ਪੁਲੀਸ ਨੇ ਸ਼ਰਾਬ ਦੀਆਂ ਬੋਤਲਾਂ ਦੀ ਗਿਣਤੀ ਕੀਤੀ ਤਾਂ ਕੁੱਲ 576 ਬੋਤਲਾਂ ਸ਼ਰਾਬ ਬਰਾਮਦ ਹੋਈ।
ਹਰਿਆਣਾ ਨਾਲ ਲੱਗਦੀਆਂ ਹੱਦਾਂ ਸੀਲ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਹਰਿਆਣਾ ਦੀਆਂ ਹੱਦਾਂ ਸੀਲ ਕਰ ਦਿੱਤਾ ਗਿਆ ਹੈ। ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੀਆਂ ਸੜਕਾਂ ’ਤੇ ਵੱਖ-ਵੱਖ ਥਾਵਾਂ ’ਤੇ 28 ਨਾਕੇ ਲਾਏ ਗਏ ਹਨ। ਪੈਟਰੋਲਿੰਗ ਲਈ ਦਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹਏ ਸਿਰਸਾ ਦੇ ਐਸਪੀ ਡਾ. ਅਰਪਿਤ ਜੈਨ ਨੇ ਦੱਸਿਆ ਕਿ ਹਰਿਆਣਾ ਤੇ ਪੰਜਾਬ ਦੀਆਂ ਹੱਦਾਂ ਨੂੰ ਸੀਲ ਕੀਤਾ ਗਿਆ ਹੈ। ਹਰਿਆਣਾ ਪੰਜਾਬ ਨੂੰ ਜੋੜਨ ਵਾਲੀਆਂ ਸੜਕਾਂ ’ਤੇ 28 ਥਾਵਾਂ ’ਤੇ ਨਾਕੇ ਲਾਏ ਗਏ ਹਨ।