ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ/ਸੰਗਤ ਮੰਡੀ, 15 ਜੂਨ
ਨਾਮਵਰ ਸਾਹਿਤਕਾਰ ਪ੍ਰੋ. ਗੁਰਬਚਨ ਸਿੰਘ ਨਰੂਆਣਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ ਅੱਜ ਪਿੰਡ ਨਰੂਆਣਾ ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਹ 82 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਸ੍ਰੀ ਨਰੂਆਣਾ ਸਾਹਿਤ ਦੇ ਇਨਸਾਈਕਲੋਪੀਡੀਆ, ਪੰਜਾਬੀ, ਹਿੰਦੀ, ਸੰਸਕ੍ਰਿਤ, ਅੰਗਰੇਜ਼ੀ, ਉਰਦੂ ਅਤੇ ਫਾਰਸੀ ਆਦਿ ਭਾਸ਼ਾਵਾਂ ਦੇ ਗਿਆਤਾ ਸਨ। ਉਹ ਗੁਰੂ ਨਾਨਕ ਕਾਲਜ ਬੁਢਲਾਡਾ ’ਚੋਂ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਧੀਆਂ ਤੇ ਇੱਕ ਪੁੱਤਰ ਹੈ। ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸੁਖਚੈਨ ਸਿੰਘ ਨਰੂਆਣਾ ਨੇ ਵਿਖਾਈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰ, ਉੱਘੀਆਂ ਸ਼ਖਸੀਅਤਾਂ ਵਿਚੋਂ ਪ੍ਰਿੰਸੀਪਲ ਬੱਗਾ ਸਿੰਘ, ਐਡਵੋਕੇਟ ਚਰਨ ਸਿੰਘ ਵਿਰਕ, ਐਡਵੋਕੇਟ ਅਮਨਦੀਪ ਸਿੰਘ ਅਤੇ ਪਿੰਡ ਦੀ ਪੰਚਾਇਤ ਹਾਜ਼ਰ ਸੀ। ਸੁਰਿੰਦਰਪ੍ਰੀਤ ਘਣੀਆਂ ਨੇ ਦੱਸਿਆ ਕਿ ਪ੍ਰੋ. ਨਰੂਆਣਾ ਨੇ ਤਿੰਨ ਪੁਸਤਕਾਂ ਦੀ ਸੰਪਾਦਨਾਂ ਤੋਂ ਇਲਾਵਾ ਇੱਕ ਕਾਵਿ ਸੰਗ੍ਰਹਿ ਅਤੇ ਸਵੈ-ਜੀਵਨੀ, ਰਾਹੁਲ ਸੰਕਰਤਾਇਨ ਦੀ ਸੰਸਾਰ ਪ੍ਰਸਿੱਧ ਪੁਸਤਕ ‘ਵੋਲਗਾ ਤੋਂ ਗੰਗਾ ਤੱਕ’ ਦਾ ਪੰਜਾਬੀ ਅਨੁਵਾਦ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਦਰਜਨਾਂ ਪੁਸਤਕਾਂ ਦਾ ਸੰਪਾਦਨ ਅਤੇ ਸੈਂਕੜੇ ਖੋਜ ਪੱਤਰ ਲਿਖੇ।