ਨਿੱੱਜੀ ਪੱਤਰ ਪ੍ਰੇਰਕ
ਮੋਗਾ, 18 ਨਵੰਬਰ
ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸਾਹਿਤਕਾਰਾਂ ਨੇ ਵੀ ਸੰਘਰਸ਼ ਵਿੱਢ ਦਿੱਤਾ ਹੈ। ਇੱਥੇ ‘ਕਿਸਾਨ ਸੰਘਰਸ਼ ਸਹਾਇਤਾ ਕਮੇਟੀ’ ਦੇ ਬੈਨਰ ਹੇਠ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਸਖ਼ਤ ਨਿਖੇਧੀ ਕਰਦਿਆਂ ਕਿਸਾਨੀ ਘੋਲ ਦੀ ਡੱਟਵੀਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਕੇਂਦਰ ਸਰਕਾਰ ਤੋਂ ਪੰਜਾਬ ਦੀ ਆਰਥਿਕ ਨਾਕਾਬੰਦੀ ਖਤਮ ਕਰ ਕੇ ਤੁਰੰਤ ਮਾਲ-ਗੱਡੀਆਂ ਚਲਾਉਣ, ਕਾਲੇ ਖੇਤੀ ਕਾਨੂੰਨ ਵਾਪਸ ਲੈਣ, ਨਾਜਾਇਜ਼ ਪਰਚੇ ਦਰਜ ਕਰ ਕੇ ਜੇਲ੍ਹੀਂ ਡੱਕੇ ਲੇਖਕਾਂ, ਕਵੀਆਂ, ਬੁੱਧੀਜੀਵੀਆਂ ਤੇ ਟਰੇਡ ਯੂਨੀਅਨ ਆਗੂਆਂ ਨੂੰ ਫੌਰੀ ਰਿਹਾਅ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਸਾਹਿਤਕਾਰ ਬਲਦੇਵ ਸਿੰਘ ਸੜਕਨਾਮਾ ਨੇ ਆਖਿਆ ਕਿ ਕਾਰਪੋਰੇਟ ਘਰਾਣੇ ਗਿਰਝਾਂ ਵਰਗੇ ਹੁੰਦੇ ਹਨ ਅਤੇ ਇਨ੍ਹਾਂ ਦੀ ਅੱਖ ਹੁਣ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਹੈ। ਅਸ਼ੋਕ ਚਟਾਨੀ ਨੇ ਐੱਮਐੱਸਪੀ ਹੀ ਨਹੀਂ ਸਗੋਂ ਕਿਸਾਨਾਂ ਨੂੰ ਫ਼ਸਲਾਂ ਦੇ ਲਾਹੇਵੰਦ ਭਾਅ ਦੇਣ ਦੀ ਵਕਾਲਤ ਕੀਤੀ। ਜੰਗੀਰ ਸਿੰਘ ਖੋਖਰ ਨੇ ਕਿਹਾ ਕਿ ਪ੍ਰਾਈਵੇਟ ਹੱਥਾਂ ’ਚ ਬਿਜਲੀ ਖੇਤਰ ਜਾਣ ਨਾਲ ਸਬਸਿਡੀਆਂ ਬੰਦ ਹੋ ਜਾਣਗੀਆਂ। ਕਵੀ ਹਰਨੇਕ ਸਿੰਘ ਨੇਕ, ਰਣਧੀਰ ਸਿੰਘ ਬਾਘਾਪੁਰਾਣਾ ਨੇ ਸੂਬੇ ’ਚ ਮਾਲ-ਗੱਡੀਆਂ ਬੰਦ ਕਰ ਕੇ, ਪੇਂਡੂ ਵਿਕਾਸ ਫੰਡ ਰੋਕ ਕੇ ਅਤੇ ਹੋਰ ਢੰਗ ਤਰੀਕਿਆਂ ਨਾਲ ਮੋਦੀ ਹਕੂਮਤ ਵੱਲੋਂ ਕੀਤੀ ਆਰਥਿਕ ਨਾਕਾਬੰਦੀ ਦੀ ਨਿਖੇਧੀ ਕੀਤੀ। ਕਮੇਟੀ ਕਨਵੀਨਰ ਡਾ. ਸੁਰਜੀਤ ਬਰਾੜ ਘੋਲੀਆ, ਕੋ-ਕਨਵੀਨਰ ਸੁਰਿੰਦਰ ਸਿੰਘ ਮੋਗਾ ਅਤੇ ਗੌਰਮਿੰਟ ਪੈਨਸ਼ਨਰ ਯੂਨੀਅਨ ਸਕੱਤਰ ਸੁਰਿੰਦਰ ਰਾਮ ਕੁੱਸਾ ਨੇ ਸੁਚੇਤ ਕੀਤਾ ਕਿ ਜੇਕਰ ਕਿਸਾਨ ਵਰਗ ਖਤਮ ਹੋ ਗਿਆ ਤਾਂ ਛੋਟੇ ਦੁਕਾਨਦਾਰ, ਰੇਹੜੀਆਂ ਵਾਲੇ, ਪੱਲੇਦਾਰ, ਆੜ੍ਹਤੀ, ਖੇਤ ਮਜ਼ਦੂਰ ਅਨਾਥ ਹੋ ਜਾਣਗੇ। ਉਨ੍ਹਾਂ ਲੇਖਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਸੰਘਰਸ਼ ਬਾਰੇ ਸਾਹਿਤ ਰਚਨਾ ਕਰਨ। ਇਸ ਮੌਕੇ ਗੁਰਚਰਨ ਸਿੰਘ ਸੰਘਾ, ਅਮਨਦੀਪ ਸਿੰਘ ਮਟਵਾਣੀ, ਪ੍ਰੇਮ ਕੁਮਾਰ ਮੋਗਾ, ਬਲਵਿੰਦਰ ਸਿੰਘ ਰੋਡੇ ਅਤੇ ਸ਼ਿਵੰਦਰਪਾਲ ਕੌਰ ਗਿੱਲ ਨੇ ਸੰੰਬੋਧਨ ਕੀਤਾ।