ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਅਕਤੂਬਰ
ਜ਼ੀਰਾ ਰੋਡ ਸਥਿਤ ਪਾਰਸ ਮਸਾਲਾ ਫੈਕਟਰੀ ਅਤੇ ਪਸ਼ੂ ਖੁਰਾਕ ਫੈਕਟਰੀ ਦਾ ਦੂਸ਼ਿਤ ਪਾਣੀ ਬੋਰ ਕਰ ਕੇ ਧਰਤੀ ਹੇਠਲੇ ਪਾਣੀ ’ਚ ਪਾਉਣ ਨਾਲ ਪਿੰਡ ਖੋਸਾ ਪਾਂਡੋਂ ਦਾ ਪੀਣ ਵਾਲਾ ਪਾਣੀ ਦੂਸ਼ਿਤ ਹੋ ਗਿਆ ਹੈ, ਜਿਸ ਕਾਰਨ ਪਿੰਡ ’ਚ ਕੈਂਸਰ, ਕਾਲਾ ਪੀਲੀਆ ਅਤੇ ਹੋਰ ਗੰਭੀਰ ਬਿਮਾਰੀਆਂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਸਤਾਏ ਪਿੰਡ ਦੇ ਲੋਕਾਂ ਨੇ ਪੰਚਾਇਤ ਦੀ ਅਗਵਾਈ ਹੇਠ ਫੈਕਟਰੀ ਅੱਗੇ ਧਰਨਾ ਲਾਇਆ।
ਇਸ ਮੌਕੇ ਸਰਪੰਚ ਤਰਸੇਮ ਸਿੰਘ, ਬਲਾਕ ਸਮਿਤੀ ਮੈਂਬਰ ਨੈਬ ਸਿੰਘ, ਸਾਬਕਾ ਬਲਾਕ ਸਮਿਤੀ ਮੈਂਬਰ ਜਸਪਾਲ ਸਿੰਘ, ਪੰਚ ਤੀਰਥ ਸਿੰਘ, ਪੰਚ ਹਰਪ੍ਰੀਤ ਸਿੰਘ, ਪਰਗਟ ਸਿੰਘ, ਅਜੈਬ ਸਿੰਘ, ਗੁਰਸੇਵਕ ਸਿੰਘ ਨੇ ਦੋਸ਼ ਲਾਇਆ ਕਿ ਫੈਕਟਰੀ ਪ੍ਰਬੰਧਕਾਂ ਵੱਲੋਂ ਐੱਨਜੀਟੀ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਦੋਵਾਂ ਫੈਕਟਰੀਆਂ ਦਾ ਦੂਸ਼ਿਤ ਪਾਣੀ ਅੰਡਰ ਗਰਾਊਂਡ ਪਾਈਪਾਂ ਪਾ ਕੇ ਬੋਰ ਰਾਹੀਂ ਧਰਤੀ ਹੇਠਲੇ ਪਾਣੀ ਵਿਚ ਮਿਲਾਇਆ ਜਾ ਰਿਹਾ ਹੈ। ਇਸ ਨਾਲ ਜਿੱਥੇ ਪੀਣ ਵਾਲਾ ਪਾਣੀ ਦੂਸ਼ਿਤ ਹੋ ਗਿਆ ਹੈ, ਉੱਥੇ ਹੀ ਫ਼ਸਲਾਂ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਮੀਕਲ ਯੁਕਤ ਪਾਣੀ ਨੇ ਨਾਲ ਲੱਗਦੇ ਇਕ ਕਿਸਾਨ ਦੀ ਖੜ੍ਹੀ ਫ਼ਸਲ ’ਤੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਖੇਤਰ ਨਾਲ ਲੱਗਦੀਆਂ ਅਬਾਦੀਆਂ ਦਾ ਵਾਤਾਵਰਨ ਵੀ ਬਦਬੂ ਫੈਲਣ ਕਾਰਨ ਖ਼ਰਾਬ ਹੋਣ ਲੱਗਾ ਹੈ।
ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਦੁਰਗੰਧ ਕਾਰਨ ਜਿਊਣਾ ਮੁਹਾਲ ਹੋ ਗਿਆ ਹੈ। ਉਨ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਐੱਨਜੀਟੀ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪ੍ਰਦੂਸ਼ਣ ਤੋਂ ਖਹਿੜਾ ਛੁਡਵਾਇਆ ਜਾਵੇ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ ਆਪਣੇ ਫ਼ਾਈਦੇ ਲਈ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਜੋ ਬਰਦਾਸ਼ਤ ਨਹੀਂ ਹੋਵੇਗਾ। ਲੋਕਾਂ ਨੇ ਇਹ ਵੀ ਕਿਹਾ ਕਿ ਫੈਕਟਰੀ ਗੇਟ ਅੱਗੇ ਭਾਰੀ ਵਾਹਨਾਂ ਦੇ ਸੜਕ ਉੱਤੇ ਖੜ੍ਹੇ ਰਹਿਣ ਕਾਰਨ ਉਨ੍ਹਾਂ ਨੂੰ ਲੰਘਣਾਂ ਮੁਸ਼ਕਲ ਹੋ ਜਾਦਾਂ ਹੈ।
ਫੈਕਟਰੀ ’ਚੋਂ ਪ੍ਰਦੂਸ਼ਣ ਨਹੀਂ ਫੈਲਦਾ: ਪ੍ਰਬੰਧਕ
ਫੈਕਟਰੀ ਪ੍ਰਬੰਧਕ ਵਰਿੰਦਰ ਗਾਂਧੀ ਨੇ ਦਾਅਵਾ ਕੀਤਾ ਕਿ ਉਹ ਗੰਦਾ ਪਾਣੀ ਸੇਮ ਨਾਲੇ ’ਚ ਟੈਂਕਾਂ ਰਾਹੀਂ ਪਾ ਰਹੇ ਹਨ। ਫੈਕਟਰੀ ਟਰੀਟਮੈਂਟ ਪਲਾਂਟ ਵੀ ਹੈ। ਇੱਥੋਂ ਜ਼ਰਾ ਵੀ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ। ਫੈਕਟਰੀ ਪ੍ਰਬੰਧਕਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਵਾਹਨ ਪਾਰਕਿੰਗ ਤੇ ਹੋਰ ਸਮੱਸਿਆਵਾਂ ਜਲਦੀ ਦੂਰ ਕਰ ਦਿੱਤੀਆਂ ਜਾਣਗੀਆਂ।