ਸ਼ਗਨ ਕਟਾਰੀਆ
ਬਠਿੰਡਾ, 2 ਮਈ
ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਸ਼ੁਰੂ ਹੋਇਆ ਲੌਕਡਾਊਨ ਲਗਾਤਾਰ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਸਰਕਾਰੀ ਆਦੇਸ਼ ਮੁਤਾਬਕ ਛੋਟ ਦੇ ਘੇਰੇ ਵਿਚ ਆਉਂਦੀਆਂ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਸਮੁੱਚੇ ਕਾਰੋਬਾਰ ਬੰਦ ਰਹੇ। ਕਾਨੂੰਨੀ ਨਿਰਦੇਸ਼ਾਂ ’ਤੇ ਪੈਨੀ ਨਜ਼ਰ ਰੱਖਣ ਲਈ ਪੁਲੀਸ ਦੀਆਂ ਟੁਕੜੀਆਂ ਦਾ ਬਾਜ਼ਾਰਾਂ ’ਚ ਆਉਣ-ਜਾਣ ਰਿਹਾ। ਇੱਕਾ-ਦੁੱਕਾ ਥਾਵਾਂ ’ਤੇ ਉਲੰਘਣਾ ਕਰਨ ਵਾਲਿਆਂ ਨੂੰ ਪੁਲੀਸ ਵੱਲੋਂ ਕਾਨੂੰਨੀ ਕਾਰਵਾਈ ਦਾ ਡਰ ਵਿਖਾ ਕੇ ਲਾਈਨ ’ਤੇ ਰਹਿਣ ਲਈ ਚਿਤਾਵਨੀ ਦਿੱਤੀ ਗਈ। ਬਠਿੰਡਾ ਖਿੱਤੇ ’ਚ ਅੱਜ ਵੱਧ ਤੋਂ ਵੱਧ ਤਾਪਮਾਨ 40.04 ਰਹਿਣ ਕਰਕੇ ਦੁਪਹਿਰ ਦਾ ਸਮਾਂ ਘਰਾਂ ’ਚ ਹੀ ਬਿਤਾਇਆ ਗਿਆ। ਦੋ ਦਿਨਾਂ ਦੀ ਤਾਲਾਬੰਦੀ ਕਾਰਨ ਘਰਾਂ ’ਚ ਬੰਦ ਹੋਏ ਕਾਫੀ ਲੋਕਾਂ ਨੇ ਸਵੇਰੇ ਅਤੇ ਸ਼ਾਮ ਦੇ ਵਕਤ ਘਰਾਂ ’ਚੋਂ ਬਾਹਰ ਨਿੱਕਲ ਕੇ ਅੰਗੜਾਈ ਲਈ। ਰੋਜ਼ ਗਾਰਡਨ, ਪਾਰਕਾਂ ਅਤੇ ਹੋਰ ਜਨਤਕ ਥਾਵਾਂ ’ਤੇ ਕਰੋਨਾ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਪੁਲੀਸ ਸਖ਼ਤ ਨਜ਼ਰ ਆਈ। ਤਾਲਾਬੰਦੀ ਦੌਰਾਨ ਆਪਣੇ ਰੂਟਾਂ ’ਤੇ ਦੌੜਨ ਵਾਲੀਆਂ ਬੱਸਾਂ ਦੀ ਗਿਣਤੀ ਘੱਟ ਸੀ।
ਬੰਦ ਬਾਜ਼ਾਰਾਂ ’ਚ ਵੈਕਸੀਨ ਟੀਕਾਕਰਨ ਦੇ ਕੈਂਪ
ਤਪਾ ਮੰਡੀ (ਸੀ. ਮਾਰਕੰਡਾ): ਕਰੋਨਾ ਕਾਰਨ ਹਫ਼ਤਾਵਰੀ ਬੰਦਸ਼ਾਂ ਦੇ ਮੱਦੇਨਜ਼ਰ ਪੁਲੀਸ ਨੇ ਸਖ਼ਤੀ ਨਾਲ ਬਾਜ਼ਾਰਾਂ ਨੂੰ ਬੰਦ ਕਰਵਾਇਆ। ਸ਼ਹਿਰ ’ਚ ਆਉਣ ਜਾਣ ਵਾਲੀਆਂ ਸੜਕਾਂ ’ਤੇ ਨਾਕਾਬੰਦੀ ਕੀਤੀ ਗਈ। ਵਾਲਮੀਕਿ ਚੌਕ ’ਚ ਕੋਵਿਡ-19 ਦੇ ਬਚਾਓ ਲਈ ਵੈਕਸੀਨ ਦਾ ਟੀਕਾਕਰਨ ਅਤੇ ਟੈਸਟ ਕੈਂਪ ਲਾਇਆ ਹੋਇਆ ਸੀ। ਸਿਹਤ ਵਿਭਾਗ ਦੇ ਮੁਲਾਜ਼ਮਾਂ ਸੋਮ ਨਾਥ ਸ਼ਰਮਾ, ਗੁਰਪ੍ਰੀਤ ਸਿੰਘ, ਨਵਦੀਪ ਕੌਰ ਅਤੇ ਵੀਰਪਾਲ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਕਰੋਨਾ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਹੁਣ ਤੱਕ 74 ਵਿਅਕਤੀਆਂ ਦੇ ਕਰੋਨਾ ਟੈਸਟ ਕੀਤੇ ਗਏ ਹਨ। ਪੁਲੀਸ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਤਪਾ ਪੁਲੀਸ ਵੱਲੋਂ ਕਰੋਨਾ ਪ੍ਰਤੀ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ।