ਸ਼ਗਨ ਕਟਾਰੀਆ
ਬਠਿੰਡਾ, 14 ਜੂਨ
ਤਾਲਾਬੰਦੀ ਕਾਰਨ ਅੱਜ ਬਠਿੰਡਾ ਦੇ ਬਾਸ਼ਿੰਦੇ ਘਰਾਂ ’ਚ ਬੰਦ ਰਹੇ। ਵਿਰਲੇ-ਟਾਵੇਂ ਨੂੰ ਛੱਡ ਕਿਸੇ ਨੇ ਘਰਾਂ ਦੇ ਦਰਾਂ ਤੋਂ ਬਾਹਰ ਪੈਰ ਨਾ ਰੱਖਿਆ। ਉਂਜ ਜ਼ਰੂਰੀ ਸੇਵਾਵਾਂ ਵਜੋਂ ਹਸਪਤਾਲ ਅਤੇ ਮੈਡੀਕਲ ਸਟੋਰ ਖੁੱਲ੍ਹੇ ਸਨ ਪਰ ਸ਼ਰਾਬ ਦੇ ਠੇਕਿਆਂ ਦਾ ਖੁੱਲ੍ਹਣਾ ਸੰਜੀਦਾ ਲੋਕਾਂ ਨੂੰ ਚੁੱਭਿਆ।
ਗੁਆਂਢੀ ਰਾਜ ਹਰਿਆਣੇ ਦੀਆਂ ਹੱਦਾਂ ਤਾਂ ਪੁਲੀਸ ਨੇ ਪਹਿਲਾਂ ਹੀ ਸੀਲ ਕੀਤੀਆਂ ਹੋਈਆਂ ਸਨ, ਸ਼ਨਿੱਚਰਵਾਰ ਤੋਂ ਸ਼ਹਿਰ ਨੂੰ ਵੀ ਚੌਤਰਫ਼ਾ ਸੀਲ ਕੀਤਾ ਹੋਇਆ ਹੈ। ਈ-ਪਾਸ ਤੋਂ ਸੱਖਣੇ ਵਾਹਨਾਂ ਨੂੰ ਸ਼ਨਿੱਚਰਵਾਰ ਵਾਪਸੀ ਰਾਹ ਵਿਖਾਉਣ ਕਰਕੇ ਅੱਜ ਬਾਹਰੀ ਵਾਹਨਾਂ ਦੀ ਆਵਾਜਾਈ ਨਾ-ਮਾਤਰ ਰਹੀ। ਬੱਸਾਂ ਦੀ ਆਵਾਜਾਈ ਮੁਕੰਮਲ ਬੰਦ ਹੋਣ ਕਰਕੇ ਸ਼ਹਿਰ ਨੂੰ ਮਿਲਾਉਂਦੀਆਂ ਸੜਕਾਂ ਵੀ ਖ਼ਾਮੋਸ਼ ਸਨ। ਮੁੱਖ ਬਾਜ਼ਾਰਾਂ ’ਚ ਆਮ ਦਿਨੀਂ ਲੱਗੇ ਰਹਿੰਦੇ ਮੇਲੇ ਦਾ ਅੱਜ ਨਾਮੋ-ਨਿਸ਼ਾਨ ਨਹੀਂ ਸੀ। ਅਜਿਹੇ ਸੰਨਾਟੇ ਵਿਚ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹੇ ਦਰ ਗਾਹਕਾਂ ਦੀ ਉਡੀਕ ਕਰ ਰਹੇ ਸਨ। ਠੇਕਿਆਂ ਨੂੰ ਲੌਕਡਾਊਨ ਦੀਆਂ ਪਾਬੰਦੀਆਂ ਤੋਂ ਮੁਕਤ ਰੱਖਣਾ ਸਮਾਜ ਦੇ ਇਕ ਵਰਗ ਨੂੰ ਚੰਗਾ ਨਹੀਂ ਲੱਗਿਆ। ਉਸ ਦਾ ਮੰਨਣਾ ਹੈ ਕਿ ਸ਼ਰਾਬ ਨੂੰ ‘ਜ਼ਰੂਰੀ’ ਵਸਤਾਂ ਦੀ ਕੈਟਾਗਰੀ ’ਚ ਰੱਖਣਾ ਸਰਕਾਰ ਦੀ ਨਿੰਦਣਯੋਗ ਕਾਰਵਾਈ ਹੈ।