ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਜੂਨ
ਪੰਜਾਬ ਸਰਕਾਰ ਵੱਲੋਂ ਦੋ ਹਫ਼ਤਿਆਂ ਤੋਂ ਦਫ਼ਤਰ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਦੇ ਬਾਵਜੂਦ ਮੁਕਤਸਰ ਜ਼ਿਲ੍ਹੇ ਵਿੱਚ ਵਾਹਨਾਂ ਦੀਆਂ ਰਜਿਸਟਰੇਸ਼ਨਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ, ਜਦੋਂ ਕਿ ਡਰਾਇਵਰੀ ਲਾਇਸੈਂਸ ਦਾ ਕੰਮ ਮੁਕਤਸਰ ਵਿੱਚ ਤਾਂ ਸ਼ੁਰੂ ਹੋ ਗਿਆ ਹੈ ਪਰ ਮਲੋਟ ਤੇ ਗਿੱਦੜਬਾਹਾ ਦਫ਼ਤਰਾਂ ਵਿੱਚ ਬੰਦ ਹੈ। ਮੁਕਤਸਰ ਦੇ ਡਰਾਈਵਿੰਗ ਟਰੈਕ ਸੈਂਟਰ ਵਿੱਚ ਨਿਯੁਕਤ ਟਰਾਂਸਪੋਰਟ ਮਹਿਕਮੇ ਦਾ ਡਾਕਟਰ ਸਿਰਫ 40 ਮੈਡੀਕਲ ਰੋਜ਼ਾਨਾ ਕਰਦਾ ਹੈ, ਜਦੋਂ ਕਿ ਆਨ-ਲਾਈਨ ਅਰਜ਼ੀਆਂ ਸੌ ਤੋਂ ਵੱਧ ਹੁੰਦੀਆਂ ਹਨ। ਇਸ ਲਈ ਲੋਕ ਸਵੇਰੇ 6 ਵਜੇ ਵੀ ਮੈਡੀਕਲ ਕਰਾਉਣ ਵਾਸਤੇ ਕਤਾਰਾਂ ਵਿੱਚ ਲੱਗ ਜਾਂਦੇ ਹਨ। ਇਸੇ ਤਰ੍ਹਾਂ ਡੀਸੀ ਦਫ਼ਤਰ ਵਿੱਚ ਦਾਖਲਾ ਬੰਦ ਹੋਣ ਕਰਕੇ ਲੋਕ ਸਾਰਾ ਦਿਨ ਧੁੱਪੇ ਖੜ੍ਹੇ ਆਪਣੀ ਵਾਰੀ ਵੀ ਉਡੀਕ ਕਰਦੇ ਹਨ। ਇਸ ਸਥਿਤੀ ਵਿੱਚ ਲੋਕਾਂ ਵਿੱਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਮੁਕਤਸਰ ਦੇ ਗੁਰਦੇਵ ਸਿੰਘ ਨੇ ਡਰਾਇਵਰੀ ਲਾਇਸੈਂਸ ਰੀਨੀਊ ਕਰਨ ਲਈ 27 ਨਵੰਬਰ 2019 ਨੂੰ ਜਮ੍ਹਾਂ ਕਰਵਾਇਆ ਹੈ ਪਰ ਉਹ ਅਜੇ ਤੱਕ ਉਸ ਨੂੰ ਨਹੀਂ ਮਿਲਿਆ। ਪਿੰਡ ਦੋਦੇ ਦਾ ਜਗਸੀਰ ਸਿੰਘ ਲਾਇਸੈਂਸ ਰੀਨੀਊ ਕਰਾਉਣ ਲਈ ਗਿੱਦੜਬਾਹਾ ਦੇ ਦਫ਼ਤਰ ਵਿੱਚ ਗੇੜੇ ਮਾਰ ਰਿਹਾ ਹੈ ਪਰ ਦਫ਼ਤਰ ਬੰਦ ਹੈ। ਮੰਡੀ ਬਰੀਵਾਲਾ ਦੇ ਪ੍ਰੇਮ ਕੁਮਾਰ, ਮੋਤਲੇਵਾਲਾ ਦੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਤਿੰਨ ਦਿਨਾਂ ਵਿੱਚ ਮੈਡੀਕਲ ਹੋਇਆ ਤਾਂ ਸੇਵਾ ਕੇਂਦਰ ਦਾ ਸਿਸਟਮ ਨਹੀਂ ਚੱਲਿਆ। ਹਫ਼ਤਾ ਭਰ ਗੇੜੇ ਮਾਰਨ ’ਤੇ ਉਸ ਦਾ ਲਾਇਸੈਂਸ ਜਮ੍ਹਾਂ ਹੋਇਆ। ਸਰਕਾਰ ਵੱਲੋਂ ਹਾਈ ਸਿਕਉਰਟੀ ਨੰਬਰ ਪਲੇਟਾਂ 30 ਜੂਨ ਤੱਕ ਲਾਜ਼ਮੀ ਕਰਾਰ ਦਿੱਤੀਆਂ ਹਨ ਪਰ ਦਫ਼ਤਰਾਂ ਵਿੱਚ ਰਜਿਸਟਰੇਸ਼ਨਾਂ ਦਾ ਕੰਮ ਨਾ ਹੋਣ ਕਰਕੇ ਨੰਬਰ ਪਲੇਟਾਂ ਬਣ ਨਹੀਂ ਰਹੀਆਂ। ਲੋਕਾਂ ਦੀ ਮੰਗ ਹੈ ਕਿ ਮਲੋਟ ਤੇ ਗਿੱਦੜਬਾਹਾ ਦੇ ਐੱਸਡੀਐੱਮ ਦਫ਼ਤਰਾਂ ਵਿੱਚ ਡਰਾਇਵਰੀ ਲਾਇਸੈਂਸ ਦਾ ਕੰਮ ਸ਼ੁਰੂ ਕੀਤਾ ਜਾਵੇ ਅਤੇ ਰਜਿਸਟਰੇਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਜਾਵੇ।
ਡੀਸੀ ਵੱਲੋਂ ਜਲਦੀ ਸਾਰੇ ਦਫ਼ਤਰ ਖੋਲ੍ਹਣ ਦਾ ਭਰੋਸਾ
ਐੱਸਡੀਐੱਮ ਮਲੋਟ ਗੋਪਾਲ ਸਿੰਘ ਨੇ ਦੱਸਿਆ ਕਿ ਭੀੜ ਘਟਾਉਣ ਲਈ ਲਾਇਸੈਂਸ ਦਾ ਕੰਮ ਬੰਦ ਹੈ। ਐੱਸਡੀਐੱਮ ਗਿੱਦੜਬਾਹਾ ਓਮ ਪ੍ਰਕਾਸ਼ ਨੇ ਤਾਂ ਇਹ ਕਹਿ ਦਿੱਤਾ ਕਿ ਅਜੇ ਤੱਕ ਸਰਕਾਰ ਨੇ ਕੰਮ ਹੀ ਸ਼ੁਰੂ ਨਹੀਂ ਕੀਤਾ ਪਰ ਜਦੋਂ ਉਨ੍ਹਾਂ ਨੂੰ ਦੱਸਿਆ ਕਿ ਉਹ ਮੁਕਤਸਰ ਦਫ਼ਤਰ ਵਿੱਚ ਕੰਮ ਚੱਲ ਰਿਹਾ ਹੈ ਤਾਂ ਉਨ੍ਹਾਂ ਇਸ ਬਾਰੇ ਪੜਤਾਲ ਕਰਨ ਦੀ ਗੱਲ ਕੀਤੀ। ਡਿਪਟੀ ਕਮਿਸ਼ਨਰ ਐੱਮਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਕੋਵਿਡ ਪ੍ਰਬੰਧਨ ਤਹਿਤ ਸਰਵਜਨਕ ਸੇਵਾਵਾਂ ਦੀ ਜ਼ਰੂਰਤ ਅਨੁਸਾਰ ਅਧਿਕਾਰੀਆਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਕੁਝ ਦਫ਼ਤਰ ਖੁੱਲ੍ਹ ਗਏ ਹਨ ਬਾਕੀ ਵੀ ਜਲਦੀ ਖੋਲ੍ਹ ਦਿੱਤੇ ਜਾਣਗੇ।