ਪੱਤਰ ਪ੍ਰੇਰਕ
ਡੱਬਵਾਲੀ, 30 ਮਈ
ਪਿੰਡ ਚੌਟਾਲਾ ’ਚ ਪ੍ਰਸ਼ਾਸਨ ਦੀ ਬੇਰੁਖੀ ਕਾਰਨ ਸੀਵਰੇਜ ਦੇ ਗੰਦੇ ਪਾਣੀ ਵਾਲੀ ਵਾਟਰ ਸਪਲਾਈ ਦਾ ਕੋਈ ਢੁੱਕਵਾਂ ਹੱਲ ਨਹੀਂ ਹੋ ਰਿਹਾ ਹੈ। ਇੱਥੋਂ ਤਿੰਨ ਵਾਰਡਾਂ 17, 18 ਅਤੇ 19 ਵਿੱਚ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਨਾ ਹੋਣ ਲੋਕਾਂ ਨੇ ਅੱਜ ਵਰਟਰ ਵਰਕਸ ਨੂੰ ਜਿੰਦਰਾ ਜੜ ਦਿੱਤਾ। ਬੀਤੇ ਕੱਲ੍ਹ ਪਿੰਡ ਵਾਸੀਆਂ ਨੇ ਧਰਨਾ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗੰਦੇ ਪਾਣੀ ਦਾ ਮਸਲਾ ਪਿਛਲੇ ਮਹੀਨਿਆਂ ਤੋਂ ਭਖ਼ਿਆ ਹੋਇਆ ਹੈ ਅਤੇ ਪ੍ਰਸ਼ਾਸਨ ਢੁੱਕਵਾਂ ਹੱਲ ਕੱਢਣ ’ਚ ਅਸਫ਼ਲ ਰਿਹਾ। ਇਸ ਤੋਂ ਪਹਿਲਾਂ ਟਿਊਬਵੈੱਲ ਦੇ ਨਾ ਪੀਣਯੋਗ ਪਾਣੀ ਨੂੰ ਵਾਟਰ ਸਪਲਾਈ ’ਚ ਦੇਣ ਦਾ ਮਾਮਲਾ ਨਸ਼ਰ ਹੋਇਆ ਸੀ। ਇਸ ਤੋਂ ਇਲਾਵਾ ਗੰਦੇ ਪਾਣੀ ਕਾਰਨ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਿੰਡ ਵਾਸੀ ਰਾਕੇਸ਼ ਫਗੋੜੀਆ, ਸਾਹਿਬ ਰਾਮ, ਹਰਿਕ੍ਰਿਸ਼ਨ, ਰਾਮ ਕੁਮਾਰ, ਮੁਕੇਸ਼ ਸਿੰਵਰ ਨੇ ਕਿਹਾ ਕਿ ਤਿੰਨ ਵਾਰਡਾਂ ਵਿੱਚ ਸੀਵਰੇਜ ਦਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ’ਤੇ ਹੱਲ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦੂਸਰੇ ਦਿਨ ਵੀ ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਹੇਠ ਵਾਟਰ ਵਰਕਸ ਚੌਟਾਲਾ ’ਚ ਸਾਫ਼-ਸੁਥਰਾ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਮੰਗ ਕੀਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਕੋਈ ਹੱਲ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਦੂਜੇ ਦਿਨ ਵਾਟਰ ਨੂੰ ਜਿੰਦਰਾ ਜੜ ਦਿੱਤਾ ਅਤੇ ਵਿਭਾਗ ਅਤੇ ਪ੍ਰਸਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤੀ। ਉਨ੍ਹਾਂ ਚਿਤਹਾਵਨੀ ਦਿੱਤੀ ਕਿ ਜੇਕਰ ਕੱਲ੍ਹ ਤੱਕ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਪਿੰਡ ਵਾਸੀ ਸਰਕਾਰ ਅਤੇ ਵਿਭਾਗ ਵਿਰੁੱਧ ਰੋਸ ਪ੍ਰਗਟ ਕਰਕੇ ਪਾਣੀ ਦੀ ਟੈਂਕੀ ’ਤੇ ਚੜ੍ਹ ਜਾਣਗੇ।