ਖੇਤਰੀ ਪ੍ਰਤੀਨਿਧ
ਬਰਨਾਲਾ, 13 ਜੁਲਾਈ
ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਇੱਥੇ ਦੱਸਿਆ ਕਿ ਖੇਤੀਬਾੜੀ ਪੰਜਾਬ ਦੇ ਸਕੱਤਰ ਡਾ. ਕਾਹਨ ਸਿੰਘ ਪੰਨੂੰ ਵੱਲੋਂ ਮਿਲੇ ਦਿਸ਼ਾਂ ਨਿਰਦੇਸ਼ਾਂ ’ਤੇ ਵਿਭਾਗ ਟਿੱੱਡੀ ਦਲ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਆਖਿਆ ਕਿ ਟਿੱਡੀ ਦਲ ਰਾਜਸਥਾਨ ਦੇ ਸੰਘਰੀਆਂ ਮੰਡੀਆਂ ਤੋਂ ਪੰਜਾਬ ਵੱਲ ਵਧਣ ’ਤੇ ਪਿਛਲੇ ਦਿਨੀਂ ਬਠਿੰਡਾ, ਸਿਰਸਾ ਵਿੱਚ ਦੇਖਿਆ ਗਿਆ ਪਰ ਹਨੇਰੀਆਂ ਦੇ ਰੁਖ ਬਦਲਣ ਕਾਰਨ ਉਹ ਵਾਪਸ ਚਲਾ ਗਿਆ। ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦੇ ਖੇਤਾਂ ਵਿੱਚ ਟਿੱਡੀ ਦਲ ਦੇ ਬਾਲਗ ਦੇਖੇ ਜਾਣ ਦੀ ਸੂਚਨਾ ਉਪਰੰਤ ਡਾ. ਬਲਦੇਵ ਸਿੰਘ ਖੁਦ ਕਿਸਾਨ ਗੁਰਲਾਲ ਸਿੰਘ ਤੇ ਹਰਜੀਤ ਸਿੰਘ ਢਿੱਲੋਂ ਦੇ ਖੇਤਾਂ ਵਿੱਚ ਮੁਆਇਨੇ ਹਿੱਤ ਪੁੱਜੇ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਇਹ ਦਲ ਨਾਲੋਂ ਅਲੱਗ ਹੋਏ ਕੁਝ ਬਾਲਗ ਸਨ, ਖਤਰੇ ਵਾਲੀ ਕੋਈ ਗੱਲ ਨਹੀਂ, ਪਰ ਸੁਚੇਤ ਹੋਣ ਦੀ ਲੋੜ ਹੈ। ਹਮਲਾ ਹੋਣ ’ਤੇ ਤਿਆਰੀਆਂ ਮੁਕੰਮਲ ਹਨ, ਟੀਮਾਂ ਦਾ ਗਠਨ ਕਰ ਲਿਆ ਗਿਆ ਹੈ, ਜਿਹੜੀਆਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਮਿਲ ਕੇ ਸੰਭਾਵੀ ਹਮਲੇ ਨੂੰ ਰੋਕਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਕੁੱਲ 553 ਸਪਰੇਅ ਪੰਪ ਹਨ, ਜਿਨ੍ਹਾਂ ਨੂੰ ਪਾਣੀ ਨਾਲ ਭਰ ਕੇ ਤਿਆਰ ਕਰਵਾਇਆ ਜਾ ਰਿਹਾ ਹੈ। ਫਾਇਰ ਬ੍ਰਿਗੇਡਜ਼ ਤਿੰਨਾਂ ਬਲਾਕਾਂ ਵਿੱਚ ਤਾਇਨਾਤ ਹਨ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਕਿਸਾਨ ਟਿੱਡੀ ਦਲ ਦੇਖਦਾ ਹੈ ਤਾਂ ਖੇਤੀਬਾੜੀ ਵਿਭਾਗ, ਬਰਨਾਲਾ ਵੱਲੋਂ ਸਥਾਪਿਤ ਕੀਤੇ ਗਏ ਕੰਟਰੋਲ ਰੂਮ ’ਤੇ ਅੰਮ੍ਰਿਤਪਾਲ ਸਿੰਘ ਏਡੀਓ ਨਾਲ 76965-95100 ਅਤੇ ਦਿਲਦਾਰ ਸਿੰਘ ਏਐਸਆਈ ਨਾਲ 94176-76133 ’ਤੇ ਸੰਪਰਕ ਕੀਤਾ ਜਾਵੇ।