ਪ੍ਰਭੂ ਦਿਆਲ
ਸਿਰਸਾ, 1 ਅਕਤੂਬਰ
ਇੱਥੋਂ ਦੇ ਜੀਵਨ ਨਗਰ ਸਥਿਤ ਨਾਮਧਾਰੀ ਗੁਰਦੁਆਰ। ਵਿੱਚ ਲੋਕ ਪੰਚਾਇਤ ਦੀ ਇਕੱਤਰਤਾ ਸੀਨੀਅਰ ਕਿਸਾਨ ਆਗੂ ਦਰਸ਼ਨ ਸਿੰਘ ਲਾਲੇਕੇ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਨਰਮੇ ਦੀ ਫ਼ਸਲ ਦਾ ਤੁਰੰਤ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ। ਇਸ ਮੌਕੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ। ਕਿਸਾਨ ਆਗੂ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਕਿਸਾਨ ਬੈਠੇ ਹਨ ਪਰ ਸਰਕਾਰ ਲਗਾਤਾਰ ਕਿਸਾਨਾਂ ਨੂੰ ਅਣਗੌਲਿਆਂ ਕਰ ਰਹੀ ਹੈ। ਹੁਣ ਤੱਕ ਸਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਉਨ੍ਹਾਂ ਗੁਲਾਬੀ ਸੁੰਡੀ ਨਾਲ ਨੁਕਸਾਨੀ ਨਰਮੇ ਦੀ ਫ਼ਸਲ ਦਾ ਮੁਆਵਜ਼ਾ ਦਿੱਤੇ ਜਾਣ, ਝੋਨੇ ਦੀ ਖਰੀਦ ਸ਼ੁਰੂ ਕਰਨ, ਸਾਰੀਆਂ ਨਹਿਰਾਂ ਤੇ ਰਜਵਾਹਿਆਂ ’ਚ ਸਿੰਜਾਈ ਲਈ ਪਾਣੀ ਟੇਲਾਂ ਤੱਕ ਦਿੱਤੇ ਜਾਣ ਦੀ ਮੰਗ ਕੀਤੀ ਗਈ। ਇਸ ਦੌਰਾਨ ਸਰਦੂਲ ਸਿੰਘ ਉਪਲ ਕੋਟਲੀ, ਜਿੰਦਰ ਸਿੰਘ, ਗੁਰਦੀਪ ਸਿੰਘ, ਲਾਲ ਸਿੰਘ ਬੁਢੀਮੇੜੀ, ਸੁਖਦੇਵ ਸਿੰਘ ਕੱਕਾ, ਡਾ. ਗੁਰਚਰਨ ਸਿੰਘ, ਗੁਰਚਰਨ ਸਿੰਘ ਤਿਲੋਕੇਵਾਲਾ, ਮਾਲਕ ਸਿੰਘ ਕੰਗ, ਮਹਿੰਦਰ ਸਿੰਘ ਖਾਜਾਖੇੜਾ, ਜਗਦੇਵ ਸਿੰਘ ਮੱਟਦਾਦੂ ਤੇ ਬੀਬੀ ਗੁਰਦੇਵ ਕੌਰ, ਜੀ.ਐਸ ਮਾਨ ਨੇ ਸੰਬੋਧਨ ਕੀਤਾ।
ਨਾਮਧਾਰੀ ਗੁਰਦੁਆਰੇ ਵਿੱਚ ਜੁੜੀ ਲੋਕ ਪੰਚਾਇਤ ’ਚ ਮੌਜੂਦ ਆਗੂ।