ਗੁਰਜੰਟ ਕਲਸੀ
ਸਮਾਲਸਰ, 19 ਜੁਲਾਈ
ਅੱਜ ਸਮਾਲਸਰ ਦੇ ਸੈਂਕੜੇ ਕਿਸਾਨਾ ਨੇ ਪਾਵਰਕੌਮ ਸਬ ਡਿਵੀਜ਼ਨ ਸਮਾਲਸਰ ਤੋਂ ਖੇਤੀ ਬਿਜਲੀ ਪੂਰੀ ਨਾ ਮਿਲਣ ਕਾਰਨ ਪਾਵਰਕੌਮ ਦੇ ਗੇਟ ਅੱੱਗੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੈਂਕੜੇਂ ਦਸਤਖਤਾਂ ਵਾਲਾ ਪੱਤਰ ਪਾਵਰਕੌਮ ਦੇ ਮੁੱਖ ਅਫ਼ਸਰ ਨੂੰ ਭੇਜ ਕੇ ਇਨਸਾਫ ਦੀ ਮੰਗ ਕੀਤੀ ਹੈ। ਕਿਸਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਬਿਜਲੀ ਤਾਂ 5 ਘੰਟੇ ਵੀ ਨਹੀਂ ਮਿਲ ਰਹੀ।
ਸਮਾਲਸਰ ਦੇ ਕਿਸਾਨਾਂ ਰਣਦੀਪ ਸਿੰਘ, ਸਾਬਕਾ ਸਰਪੰਚ ਨੀਲਾ ਸਿੰਘ, ਅਮਰਜੀਤ ਸਿੰਘ, ਤਾਰਾ ਸਿੰਘ, ਬਿਕਰਮਜੀਤ ਸਿੰਘ, ਕਿਰਪਾਲ ਸਿੰਘ ਆਦਿ ਸੈਂਕੜੇ ਦਸਤਖਤਾਂ ਵਾਲਾ ਪੱਤਰ ਪਾਵਰਕੌਮ ਦੇ ਚੀਫ ਇੰਜੀਨੀਅਰ ਨੂੰ ਭੇਜਿਆ ਹੈ, ਜਿਸ ਵਿੱਚ ਪ੍ਰੈੱਸ ਨੂੰ ਦੱਸਿਆ ਕਿ ਪਾਵਰਕੌਮ ਸਬ ਡਿਵੀਜ਼ਨ ਸਮਾਲਸਰ ਤੋਂ ਫੀਡਰ ਸੰਗਤੀਸਰ, ਗੁਰੂ ਨਾਨਕ ਕਾਲਜ, ਕੇਵਲ ਸਿੰਘ, ਕੋਠੇ ਧਾਲੀਵਾਲ, ਟਿੱਬੀ ਸਾਹਿਬ ਆਦਿ ਫੀਡਰ ਇੱਕੋ ਗੁਰਪ ਵਿੱਚ ਚੱਲਦੇ ਹਨ। ਸ਼ਾਮ ਚਾਰ ਵਜੇ ਤੋਂ ਰਾਤ ਬਾਰਾਂ ਵਜੇ ਤੱਕ ਇਨ੍ਹਾਂ ਫੀਡਰਾਂ ’ਤੇ ਜਦ ਸਪਲਾਈ ਚਲਦੀ ਹੈ ਤਾਂ ਸਿਰਫ ਸੰਗਤੀਸਰ ਫੀਡਰ ਨੂੰ ਕਦੇ ਦੋ ਘੰਟੇ, ਕਦੇ ਤਿੰਨ ਘੰਟੇ ਹੀ ਬਿਜਲੀ ਚਲਦੀ ਹੈ, ਜਦ ਕਿ ਇਸੇ ਗਰੁੱਪ ਦੇ ਬਾਕੀ ਫੀਡਰ ਸਹੀ ਸਲਾਮਤ ਚੱਲਦੇ ਹਨ। ਇਹ ਕੱਟ ਫੀਡਰ ਸੰਗਤੀਸਰ ’ਤੇ ਸਿਰਫ ਰਾਤ ਵੇਲੇ ਲੱਗਦੇ ਹਨ। ਅਬੋਹਰ ਬਰਾਂਚ ਨਹਿਰ ਮਹੀਨੇ ਤੋਂ ਬੰਦ ਹੋਣ ਕਾਰਨ ਫ਼ਸਲ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਮਾਮਲਾ ਐੱਸਡੀਓ ਸਮਾਲਸਰ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਕਿਸਾਨਾਂ ਨੇ ਅੱਜ ਪਾਵਰਕੌਮ ਸਬ ਡਿਵੀਜ਼ਨ ਸਮਾਲਸਰ ਦੇ ਗੇਟ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਹੁਣ ਇਸ ਸੰਘਰਸ਼ ਨੂੰ ਸੜਕਾਂ ’ਤੇ ਲਿਆਉਣ ਲਈ ਤਿਆਰੀ ਵਿੱਢ ਲਈ ਹੈ ਇਸ ਮੌਕੇ ਹਰਜਿੰਦਰ ਸਿੰਘ, ਸੁਖਪਾਲ ਸਿੰਘ, ਰਣਦੀਪ ਸਿੰਘ, ਸੁਖਦੀਪ ਸਿੰਘ, ਸੇਵਕ ਸਿੰਘ, ਗੁਰਮੀਤ ਸਿੰਘ, ਹਰਦੀਪ ਸਿੰਘ, ਬਲਜਿੰਦਰ ਸਿੰਘ ਕਈ ਜਣੇ ਸੈਂਕੜੇ ਕਿਸਾਨਾਂ ਨੇ ਕਿਹਾ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਸਬਕ ਸਿਖਾਉਣਗੇ।