ਜਸਵੰਤ ਜੱਸ
ਫ਼ਰੀਦਕੋਟ, 4 ਅਪਰੈਲ
ਇੱਥੋਂ ਦੇ ਗੁਰੂ ਗੋਬਿੰਦ ਸਿੰਘ ਤੇ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇਲਾਜ ਲਈ ਦੂਰ-ਦੁਰਾਡਿਓਂ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਤੋਂ ਪਹਿਲਾਂ ਪਰਚੀ ਬਣਵਾਉਣ ਲਈ ਘੰਟਿਆਂਬੱਧੀ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ। ਇਹ ਮਾਮਲਾ ਮੈਡੀਕਲ ਕਾਲਜ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ਪਿਛਲੇ ਇਕ ਸਾਲ ਤੋਂ ਹੱਲ ਨਹੀਂ ਹੋ ਰਿਹਾ। ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਆਯੁਸ਼ਮਾਨ ਸਕੀਮ ਦੇ ਕਾਰਡ ਧਾਰਕਾਂ ਨੂੰ ਇਲਾਜ ਲਈ ਇੱਥੇ ਕਾਊਂਟਰਾਂ ਉੱਪਰ ਪਹਿਲਾਂ ਆਪਣੇ ਨਾਮ ਦਰਜ ਕਰਵਾਉਣੇ ਪੈਂਦੇ ਹਨ ਅਤੇ ਉਨ੍ਹਾਂ ਨੂੰ ਵੀ ਸਮੇਂ ਸਿਰ ਇਲਾਜ ਨਹੀਂ ਮਿਲਦਾ। ਪਿਛਲੇ ਕਰੀਬ ਇੱਕ ਦਹਾਕੇ ਤੋਂ ਸਾਲਾਂ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਬੰਧ ਸੁਧਾਰਨ ਲਈ ਜੱਦੋ-ਜਹਿਦ ਕਰ ਰਹੇ ਕੌਮੀ ਖਿਡਾਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਹਸਪਤਾਲ ਵਿੱਚ ਜਾ ਕੇ ਖ਼ੁਦ ਕਾਊਂਟਰਾਂ ਦੀ ਚੈਕਿੰਗ ਕੀਤੀ। ਇਸ ਤੋਂ ਬਾਅਦ ਸ੍ਰੀ ਸੇਖੋਂ ਨੇ ਦੱਸਿਆ ਕਿ ਹਸਪਤਾਲ ਦੇ ਦੁਰਪ੍ਰਬੰਧਾਂ ਦਾ ਮਾਮਲਾ ਇਸ ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਵੀ ਉੱਠਿਆ ਸੀ ਅਤੇ ਉਸ ਤੋਂ ਅਗਲੇ ਦਿਨ ਹੀ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓ.ਪੀ. ਸੋਨੀ ਇੱਥੇ ਦੌਰੇ ’ਤੇ ਆਏ ਸਨ ਅਤੇ ਉੁਨ੍ਹਾਂ ਸਮੱਸਿਆ ਦੇ ਹੱਲ ਲਈ ਇੱਕ ਅੱਠ ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਸੀ ਪ੍ਰੰਤੂ ਇਸ ਦੇ ਬਾਵਜੂਦ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ।
ਗੁਰਦਿੱਤ ਸੇਖੋਂ ਨੇ ਦੱਸਿਆ ਕਿ ਪਰਚੀਆਂ ਬਣਾਉਣ ਵਾਲੇ ਕਾਊਂਟਰ ਤੇ ਹਸਪਤਾਲਾਂ ਦਾ ਸਰਵਰ ਬੰਦ ਪਿਆ ਸੀ ਅਤੇ ਮਰੀਜ਼ ਲਾਈਨਾਂ ਵਿੱਚ ਖੜ੍ਹ ਕੇ ਆਪਣੀ ਪਰਚੀ ਲੈਣ ਦਾ ਪਿਛਲੇ ਦੋ ਘੰਟਿਆਂ ਤੋਂ ਇੰਤਜ਼ਾਰ ਕਰ ਰਹੇ ਸਨ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਮੈਡੀਕਲ ਸੁਪਰਡੈਂਟ ਨੇ ਓ.ਪੀ ਸੋਨੀ ਦੀ ਹਾਜ਼ਰੀ ਵਿੱਚ ਭਰੋਸਾ ਦਿੱਤਾ ਸੀ ਕਿ ਪਰਚੀਆਂ ਬਣਾਉਣ ਦਾ ਸਮਾਂ ਵਧਾ ਦਿੱਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਕਾਊਂਟਰਾਂ ਦੀ ਗਿਣਤੀ ਤੇ ਉਸ ਉੱਪਰ ਲੋੜੀਂਦਾ ਸਟਾਫ ਵੀ ਤਾਇਨਾਤ ਕੀਤਾ ਜਾਵੇਗਾ ਪ੍ਰੰਤੂ ਅਜੇ ਤੱਕ ਅਜਿਹਾ ਕੁਝ ਨਹੀਂ ਹੋਇਆ। ਇਸ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਮਾਲਵੇ ਦੇ ਦਸ ਜ਼ਿਲ੍ਹਿਆਂ ਦੇ ਲੋਕ ਇਲਾਜ ਲਈ ਆਉਂਦੇ ਹਨ ਜਿਨ੍ਹਾਂ ਨੂੰ ਦੁਰਪ੍ਰਬੰਧਾਂ ਕਰਕੇ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਲੋਕਾਂ ਨੂੰ ਖੁਆਰੀ ਤੋਂ ਬਚਾਵਾਂਗੇ: ਵਾਈਸ ਚਾਂਸਲਰ
ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਲੋਕਾਂ ਦੀਆਂ ਪਰਚੀਆਂ ਬਣਾਉਣ ਅਤੇ ਐਡਮਿਸ਼ਨ ਕਰਵਾਉਣ ਵਰਗੀਆਂ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਆਈਆਂ ਹਨ ਅਤੇ ਉਹ ਇਸ ਕੰਮ ਲਈ ਇਕ ਵਿਸ਼ੇਸ਼ ਬਲਾਕ ਬਣਾਉਣ ਜਾ ਰਹੇ ਹਨ ਜਿਸ ਨਾਲ ਟੈਸਟ ਕਰਵਾਉਣ ਅਤੇ ਇਲਾਜ ਕਰਵਾਉਣ ਲਈ ਲੋਕਾਂ ਨੂੰ ਲਾਈਨਾਂ ਵਿੱਚ ਨਹੀਂ ਲੱਗਣਾ ਪਵੇਗਾ।