ਇਕਬਾਲ ਸਿੰਘ ਸ਼ਾਂਤ
ਲੰਬੀ, 3 ਜੂਨ
ਸੂਬੇ ਦਾ ਸਰਕਾਰੀ ਤੰਤਰ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਗੰਭੀਰ ਨਹੀਂ ਹੈ। ਪਾਵਰਕੌਮ ਜਿਹੇ ਅਹਿਮ ਵਿਭਾਗ ’ਚ ਜੂਨੀਅਰ ਇੰਜਨੀਅਰ (ਜੇਈ) ਆਮ ਲੋਕਾਂ ਦੀ ਲਿਖਤੀ ਸ਼ਿਕਾਇਤਾਂ ਤੱਕ ਫੜਨ ਨੂੰ ਤਿਆਰ ਨਹੀਂ ਹਨ। ਲੋਕ ਦਰ-ਦਰ ਭਟਕ ਰਹੇ ਹਨ। ਲੰਬੀ ਖੇਤਰ ‘ਚ ਲੋਕਾਂ ਦੇ ਆਗੂ ਅਖਵਾਉਣ ਵਾਲੇ ਸਿਆਸੀ ਆਗੂ ਲੋਕ-ਹਿੱਤਾਂ ਨੂੰ ਛੱਡ ਕੇ ਚੇਅਰਮੈਨੀਆਂ ਦੇ ਪਿੱਛੇ ਘੁੰਮ ਰਹੇ ਹਨ।
ਮੁੱਖ ਅੰਸ਼
- ਸ਼ਿਕਾਇਤ ਦੇ ਬਾਵਜੂਦ ਵਿਭਾਗ ਵੱਲੋਂ ਨਹੀਂ ਕੀਤੀ ਗਈ ਕਾਰਵਾਈ, ਲੋਕ ਪ੍ਰੇਸ਼ਾਨ
- ਤਾਰਾਂ ਠੀਕ ਕਰਵਾਉਣ ਦੀ ਮੰਗ
ਹਾਲਾਤ ਇਹ ਹਨ ਕਿ ਮੰਡੀ ਕਿੱਲਿਆਂਵਾਲੀ ਵਿਚ ਦਾਣਾ ਖੇਤਰ ਵਿੱਚ ਕਈ ਥਾਈਂ ਖੰਭਿਆਂ ’ਤੇ ਕਰੰਟ ਵਾਲੀਆਂ ਢਿੱਲੀਆਂ ਤਾਰਾਂ ਲੋਕਾਂ ਲਈ ਜਾਨ ਦਾ ਖੌਫ਼ ਬਣ ਗਈਆਂ ਹਨ। ਪਟਵਾਰੀ ਆਰਓ ਦੇ ਮਾਲਕ ਹਰਦਿਆਲ ਸਿੰਘ, ਦੁਕਾਨਦਾਰ ਭੂਸ਼ਣ ਕੁਮਾਰ, ਗੁਰਲਾਲ ਸਿੰਘ ਅਤੇ ਮਕੈਨਿਕ ਸੰਨੀ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਜਿੱਥੇ ਜਾਨ ਨੁਕਸਾਨ ਦਾ ਡਰ ਹੈ, ਉਥੇ ਹੀ ਲੋਕ ਕੁੰਡੀਆਂ ਵੀ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਕੱਠੇ ਹੋ ਕੇ ਮੰਡੀ ਕਿੱਲਿਆਂਵਾਲੀ ਦੇ ਜੇਈ ਨੂੰ ਦਰਖ਼ਾਸਤ ਦੇਣ ਗਏ ਸਨ, ਪਰ ਉਨ੍ਹਾਂ ਦਰਖਾਸਤ ਲੈਣ ਤੋਂ ਨਾਂਹ ਕਰ ਦਿੱਤੀ। ਟੈਂਟ ਹਾਊਸ ਸੰਚਾਲਕ ਟੋਨੀ ਗਰਗ ਨੇ ਆਖਿਆ ਕਿ ਤਾਰਾਂ ਨੀਵੀਆਂ ਹੋਣ ਕਾਰਨ ਲੋਹੇ ਦੇ ਸਾਮਾਨ ਢੋਣ ਸਮੇਂ ਕਰੰਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਸ੍ਰੀ ਟੋਨੀ ਅਨੁਸਾਰ ਜੇਈ ਨੂੰ ਕਈ ਵਾਰ ਆਖਿਆ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਬੁਲਾ ਕੇ ਮੌਕਾ ਵੀ ਦਿਖਾਇਆ ਗਿਆ ਹੈ ਪਰ ਅੱਜ ਤੱਕ ਤਾਰਾਂ ਦਰੁੱਸਤ ਨਹੀਂ ਕੀਤੀਆਂ ਗਈਆਂ। ਪੀੜਤਾਂ ਨੇ ਤਾਰਾਂ ਨੂੰ ਠੀਕ ਕਰਵਾਉਣ ਦੀ ਮੰਗ ਕੀਤੀ ਹੈ।
ਪਾਵਰਕੌਮ ਮੰਡੀ ਕਿੱਲਿਆਂਵਾਲੀ ਸਬ-ਡਿਵੀਜਨ ਦੇ ਜੂਨੀਅਰ ਇੰਜਨੀਅਰ ਗੁਰਲਾਲ ਸਿੰਘ ਨੇ ਸਮੂਹ ਦੋਸ਼ਾਂ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਉਹ ਸਵੇਰੇ ਤਾਰਾਂ ਨੂੰ ਠੀਕ ਕਰਵਾ ਦੇਣਗੇ।