ਪੱਤਰ ਪ੍ਰੇਰਕ
ਮਾਨਸਾ, 2 ਅਪਰੈਲ
ਮਾਲਵਾ ਖੇਤਰ ਵਿੱਚ ਪੱਕੀ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਕਿਸੇ ਵੀ ਮਜ਼ਦੂਰ ਅਤੇ ਕਾਮੇ ਨੂੰ ਖੇਤਾਂ ਵਿਚ ਬੀੜੀ/ਸਿਗਰਟ ਪੀਣ ਤੋਂ ਰੋਕਿਆ ਹੈ। ਨੀਵੀਂਆਂ ਤਾਰਾਂ ਨੂੰ ਡੰਡੇ ਨਾਲ ਨਾ ਛੇੜਣ ਦੀ ਸਲਾਹ ਦਿੱਤੀ ਗਈ ਹੈ। ਪਾਵਰਕੌਮ ਅਨੁਸਾਰ ਅੱਗ ਲੱਗਣ ਜਾਂ ਬਿਜਲੀ ਦੀਆਂ ਤਾਰਾਂ ਵਿਚ ਨੁਕਸ ਪੈਣ ਤੋਂ ਬਾਅਦ ਤੁਰੰਤ ਪਾਵਰਕੌਮ ਦੇ ਅਧਿਕਾਰੀਆਂ ਨੂੰ ਹੈਲਪ ਲਾਈਨ ਨੰਬਰਾਂ ਰਾਹੀਂ ਸੂਚਨਾ ਦੇਣੀ ਚਾਹੀਦੀ ਹੈ। ਪੰਜਾਬ ਵਿੱਚ ਅੱਜ ਤੋਂ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ, ਜਿਸ ਤਹਿਤ ਖੇਤਾਂ ਵਿੱਚ ਖੜ੍ਹੀ ਅਤੇ ਕੱਟੀ ਹੋਈ ਫ਼ਸਲ ਨੂੰ ਅੱਗ ਤੋਂ ਬਚਾਉਣਾ ਜ਼ਰੂਰੀ ਹੈ।
ਖੇਤਾਂ ’ਚੋਂ ਗੁਜ਼ਰਦੀਆਂ ਬਿਜਲੀ ਦੀਆਂ ਤਾਰਾਂ ਕਿਸਾਨਾਂ ਲਈ ਕਹਿਰ ਬਣਦੀਆਂ ਆ ਰਹੀਆਂ ਹਨ। ਹਰ ਸਾਲ ਹਾੜ੍ਹੀ ਦੇ ਸੀਜ਼ਨ ਦੌਰਾਨ ਮਿਹਨਤ ਨਾਲ ਪਾਲੀ ਫ਼ਸਲ ਢਿੱਲੀਆਂ ਤਾਰਾਂ ਦੀ ਵਜ੍ਹਾ ਕਾਰਨ ਰਾਖ ਹੋ ਜਾਂਦੀ ਹੈ। ਇਸ ਮਗਰੋਂ ਪ੍ਰਸ਼ਾਸਨ ਵੱਲੋਂ ਗ੍ਰਿਦਾਵਰੀਆਂ ਦੇ ਹੁਕਮ ਤਾਂ ਦਿੰਦਾ ਹੈ ਪਰ ਕਿਸਾਨਾਂ ਦੀ ਬਾਂਹ ਨਹੀਂ ਫੜਦਾ।
ਹਰ ਵਰ੍ਹੇ ਕਣਕ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਤੇ ਅਦਾਰੇ ਵੱਲੋਂ ਬਿਜਲੀ ਅਧਿਕਾਰੀਆਂ ਨੂੰ ਢਿੱਲੀਆਂ ਤਾਰਾਂ ਕੱਸਣ ਲਈ ਹੁਕਮ ਹੁੰਦੇ ਰਹੇ ਹਨ, ਪਰ ਫੀਲਡ ਸਟਾਫ ਦੀ ਵੱਡੀ ਘਾਟ ਕਾਰਨ ਜ਼ਮੀਨ ’ਤੇ ਕੋਈ ਕੰਮ ਨਹੀਂ ਹੁੰਦਾ। ਸੂਤਰਾਂ ਅਨੁਸਾਰ ਇਸ ਵਾਰ ਵੀ ਕਾਰਪੋਰੇਸ਼ਨ ਨੇ ਆਪਣੀਆਂ ਢਿੱਲੀਆਂ ਤਾਰਾਂ ਨੂੰ ਕਿਧਰੇ ਵੀ ਨਹੀਂ ਕੱਸਿਆ ਹੈ।
ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਅਕਸਰ ਖੇਤਾਂ ਵਿਚ ਬਿਜਲੀ ਤਾਰਾਂ ਦੇ ਹੇਠਾਂ ਵਾਲੇ ਖੇਤਾਂ ਵਿਚ ਹੀ ਅੱਗ ਲੱਗਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਰਾਂ ਨੂੰ ਖੇਤਾਂ ਵਿਚੋਂ ਕੱਢਣ ਵੇਲੇ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਤਾਂ ਫਿਰ ਨੁਕਸਾਨ ਹੋਣ ਵੇਲੇ ਵੀ ਸਹਾਇਤਾ ਰਕਮ ਤੋਂ ਕਿਉਂ ਭੱਜਿਆ ਜਾ ਰਿਹਾ ਹੈ।
ਇਸੇ ਦੌਰਾਨ ਪਾਵਰ ਕਾਰਪੋਰੇਸ਼ਨ ਦੇ ਬੁੱਢਲਾਡਾ ਸਥਿਤ ਐਕਸੀਅਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਬਿਜਲੀ ਦੇ ਸਪਾਰਕ ਸਬੰਧੀ ਤੁਰੰਤ ਪਾਵਰਕੌਮ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਜਾਵੇ। ਇਸ ਸਬੰਧੀ ਕੰਟਰੋਲ ਰੂਮ ਦੇ ਨੰਬਰਾਂ 96461-06835 ਜਾਂ 96461-06836 ’ਤੇ ਸੰਪਰਕ ਕੀਤਾ ਜਾ ਸਕਦਾ ਹੈ।