ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 12 ਜੂਨ
ਕੈਨੇਡਾ ਜਾਣ ਦੀ ਲਾਲਸਾ ‘ਚ ਮੁਕਤਸਰ ਦੇ ਛੋਟਾ ਤਲਾਬ ਵਾਸੀ ਰਮਿੰਦਰ ਸਿੰਘ ਨੇ 21 ਲੱਖ 73 ਹਜ਼ਾਰ ਰੁਪਏ ਦੀ ਠੱਗੀ ਖਾਣ ਤੋਂ ਬਾਅਦ ਹੁਣ ਆਪਣੀ ਹੋਣ ਵਾਲੀ ਪਤਨੀ, ਸੱਸ ਤੇ ਦੋ ਸਾਲਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਮਿੰਦਰ ਸਿੰਘ ਨੇ ਕੈਨੇਡਾ ਜਾਣ ਲਈ ਸੌਖਾ ਰਾਹ ਫੜਦਿਆਂ ਮੁਕਤਸਰ ਦੀ ਰਣਜੀਤ ਕੌਰ ਰਾਹੀਂ ਆਈਲੈਟਸ ਕਲੀਅਰ ਕੁੜੀ ਅਰਪਨਦੀਪ ਕੌਰ ਵਾਸੀ ਮੱਛੀ ਆਟਾ ਚੌਕ ਸਮਾਣਾ ਜ਼ਿਲ੍ਹਾ ਪਟਿਆਲਾ ਨਾਲ ਸੌਦਾ ਤੈਅ ਕਰ ਲਿਆ। ਦੋਵਾਂ ਧਿਰਾਂ ਨੇ ਬਕਾਇਦਾ ਸ਼ਰਤਾਂ ਤੈਅ ਕਰਦਿਆਂ ਅਰਪਨਦੀਪ ਕੌਰ ਨੂੰ ਪੜ੍ਹਾਈ ਲਈ ਕੈਨੇਡਾ ਭੇਜਣ, ਫੀਸਾਂ, ਰਹਿਣ ਤੇ ਪੀ.ਆਰ. ਤੱਕ ਦਾ ਸਾਰਾ ਖਰਚਾ ਦੇਣ ਦਾ ਜ਼ਿੰਮਾ ਰਮਿੰਦਰ ਸਿੰਘ ਨੇ ਓਟਿਆ ਤੇ ਪੀ. ਆਰ. ਹਾਸਲ ਕਰਨ ਤੋਂ ਬਾਅਦ ਰਮਿੰਦਰ ਸਿੰਘ ਨੂੰ ਕੈਨੇਡਾ ਲੈ ਕੇ ਜਾਣ ਤੇ ਉਸ ਨਾਲ ਵਿਆਹ ਕਰਾਉਣ ਦੀ ਜ਼ਿੰਮੇਵਾਰੀ ਅਰਪਨਦੀਪ ਕੌਰ ਨੇ ਚੁੱਕੀ। 26 ਨਵੰਬਰ 2017 ਨੂੰ ਉਨ੍ਹਾਂ ਦੀ ਸਮਾਣਾ ’ਚ ਮੰਗਣੀ ਹੋ ਗਈ। ਅਰਪਨਦੀਪ ਕੌਰ ਕੈਨੇਡਾ ਚਲੀ ਗਈ।
ਰਮਿੰਦਰ ਸਿੰਘ ਦੇ ਮਾਪਿਆਂ ਨੇ ਅਰਪਨਦੀਪ ਕੌਰ ਦੀ ਪੜ੍ਹਾਈ ‘ਤੇ 8 ਲੱਖ 43 ਹਜ਼ਾਰ ਰੁਪਏ ਖਰਚੇ ਅਤੇ 5 ਲੱਖ 68 ਹਜ਼ਾਰ ਰੁਪਏ ਜੀ. ਆਈ. ਸੀ. ਪਾਲਿਸੀ ਵਾਸਤੇ ਅਦਾ ਕੀਤੇ। ਇਸ ਤੋਂ ਬਿਨਾਂ ਨਕਦ ਅਤੇ ਬੈਂਕ ਰਾਹੀਂ ਕਾਫੀ ਪੈਸਾ ਦਿੱਤਾ ਜੋ ਕੁੱਲ 21 ਲੱਖ 73 ਹਜ਼ਾਰ ਰੁਪਏ ਬਣਦਾ ਹੈ। ਪਰ ਹੁਣ ਅਰਪਨਦੀਪ ਕੌਰ ਆਪਣੇ ਵਾਅਦੇ ਤੋਂ ਮੁੱਕਰ ਗਈ ਅਤੇ ਉਸਨੇ ਰਮਿੰਦਰ ਸਿੰਘ ਨਾਲ ਵਿਆਹ ਕਰਾਉਣ ਤੋਂ ਸਾਫ ਨਾਂਹ ਕਰ ਦਿੱਤੀ। ਇਸ ’ਤੇ ਪੀੜਤ ਪਰਿਵਾਰ ਨੇ ਜ਼ਿਲ੍ਹਾ ਪੁਲੀਸ ਮੁਖੀ ਤੋਂ ਅਰਪਨਦੀਪ ਕੌਰ, ਉਸ ਦੀ ਮਾਤਾ ਰਨਦੀਪ ਕੌਰ ਤੇ ਭਰਾਵਾਂ ਅਰਸ਼ਦੀਪ ਸਿੰਘ ਤੇ ਗੁਰਬਚਨ ਸਿੰਘ ਖ਼ਿਲਾਫ਼ ਧੋਖਾਧੜੀ ਦੇ ਦੋਸ਼ਾਂ ਹੇਠ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਨੇ ਉਪ ਜ਼ਿਲ੍ਹਾ ਅਟਾਰਨੀ ਦਲਜੀਤ ਸ਼ਰਮਾ ਤੋਂ ਕਾਨੂੰਨੀ ਰਾਏ ਹਾਸਲ ਕਰਕੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।