ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਅਗਸਤ
ਮੋਗਾ ਸੀਆਈਏ ਸਟਾਫ਼ ਨੇ ਪੁਲੀਸ ਮੁਕਾਬਲੇ ਵਿਚ ਸਿੰਧੀ ਬੇਕਰਜ਼, ਲੁਧਿਆਣਾ ਦੇ ਮਾਲਕ ਅਤੇ ਇਥੋਂ ਦੇ ਕਾਰੋਬਾਰੀ ਉੱਤੇ ਗੋਲੀ ਚਲਾਉਣ ਵਾਲੇ ਦੋ ਸ਼ੂਟਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਕੀਤੀ ਹੈ। ਪੁਲੀਸ ਤੇ ਸ਼ੂਟਰਾਂ ਦਰਮਿਆਨ ਗੋਲੀਬਾਰੀ ’ਚ ਜ਼ਖ਼ਮੀ ਦੋਵੇ ਸ਼ੂਟਰਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਇਥੇ ਪ੍ਰੈਸ ਕਾਨਫਰੰਸ ਵਿਚ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜਗਮੀਤ ਸਿੰਘ ਉਰਫ਼ ਮੀਤਾ ਅਤੇ ਵਿਕਾਸ ਕੁਮਾਰ ਉਰਫ਼ ਕਾਸਾ (ਦੋਵੇਂ ਵਾਸੀ ਮੋਗਾ) ਵਜੋਂ ਹੋਈ ਹੈ। ਇਸ ਮੌਕੇ ਐੱਸਪੀ (ਆਈ) ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ(ਆਈ) ਲਵਦੀਪ ਸਿੰਘ ਗਿੱਲ, ਡੀਐੱਸਪੀ (ਸਿਟੀ) ਰਵਿੰਦਰ ਸਿੰਘ ਅਤੇ ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਬਾਦਲ ਤੇ ਹੋਰ ਪੁਲੀਸ ਅਧਿਕਾਰੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਸਥਾਨਕ ਦਿੱਲੀ ਕਲੌਨੀ ਖੇਤਰ ਵਿਚ ਪੁਲੀਸ ਪਾਰਟੀ ਨੇ ਸ਼ੱਕ ਦੇ ਅਧਾਰ ’ਤੇ ਨਕਾਬਪੋਸ਼ ਐਕਟਿਵਾ ਸਵਾਰ ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਉੱਤੇ ਰੋਕਿਆ ਤਾਂ ਉਨ੍ਹਾਂ ਪੁਲੀਸ ਉੱਤੇ ਗੋਲੀ ਚਲਾ ਦਿੱਤੀ ਪਰ ਫ਼ਰਾਰ ਹੋਣ ਕੀ ਕੋਸ਼ਿਸ਼ ਦੌਰਾਨ ਸਕੂਟਰੀ ਸਲਿੱਪ ਕਰ ਗਈ। ਇਸ ਦੌਰਾਨ ਪੁਲੀਸ ਨੇ ਵੀ ਬਚਾਅ ਲਈ ਗੋਲੀਆਂ ਚਲਾਈਆਂ ਤਾਂ ਮੁਲਜ਼ਮ ਜਗਮੀਤ ਸਿੰਘ ਉਰਫ਼ ਮੀਤਾ ਦੀ ਸੱਜੀ ਲੱਤ ਤੇ ਗੋਡੇ ਤੋਂ ਥੱਲੇ ਗੋਲੀ ਲੱਗੀ, ਜਦੋਂਕਿ ਦੂਜਾ ਮੁਲਜ਼ਮ ਵਿਕਾਸ ਕੁਮਾਰ ਉਰਫ਼ ਕਾਸਾ ਸਕੂਟਰੀ ਤੋਂ ਡਿੱਗਣ ਨਾਲ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੀਤਾ ਪਾਸੋਂ ਇੱਕ ਪਿਸਟਲ ਦੇਸੀ .32 ਬੋਰ ਸਮੇਤ ਮੈਗਜ਼ੀਨ ਬਰਾਮਦ ਹੋਇਆ। ਮੁਲਜ਼ਮਾਂ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਨ੍ਹਾਂ 28 ਅਗਸਤ ਨੂੰ ਸਿੰਧੀ ਬੇਕਰਜ਼, ਲੁਧਿਆਣਾ ਦੇ ਮਾਲਕ ਅਤੇ 26 ਅਗਸਤ ਨੂੰ ਮੋਗਾ ਦੇ ਕਾਰੋਬਾਰੀ ਉੱਤੇ ਗੋਲੀਬਾਰੀ ਕੀਤੀ ਸੀ। ਦੋਵੇਂ ਮੁਲਜ਼ਮ ਗੋਪੀ ਲਹੌਰੀਆ ਗੈਂਗ ਦੇ ਮੈਂਬਰ ਹਨ, ਜਿਨ੍ਹਾਂ ਕੋਲੋਂ 2 ਪਿਸਟਲ ਦੇਸੀ ਅਤੇ ਗੋਲੀ ਸਿੱਕੇ ਤੋਂ ਇਲਾਵਾ ਚਿੱਟੇ ਰੰਗ ਦੀ ਐਕਟਿਵਾ ਸਕੂਟਰੀ ਬਰਾਮਦ ਹੋਈ ਹੈ।