ਰਮਨਦੀਪ ਸਿੰਘ
ਚਾਉਕੇ, 13 ਅਗਸਤ
ਪਿੰਡ ਵਿੱਚ ਲੰਪੀ ਸਕਿਨ ਬਿਮਾਰੀ ਨਾਲ ਮਰ ਰਹੇ ਪਸ਼ੂਆਂ ਨੂੰ ਦਫ਼ਨਾਉਣ ਅਤੇ ਬਿਮਾਰ ਹੋ ਰਹੇ ਪਸ਼ੂਆਂ ਦੇ ਮੁਫ਼ਤ ਇਲਾਜ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੀ ਅਗਵਾਈ ਵਿੱਚ ਪਿੰਡ ਬੱਲ੍ਹੋ ਤੇ ਬਦਿਆਲਾ ਦੇ ਲੋਕਾਂ ਨੇ ਬਠਿੰਡਾ-ਚੰਡੀਗੜ੍ਹ ਸੜਕ ’ਤੇ ਜਾਮ ਲਗਾਇਆ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ। ਬੀਕੇਯੂ ਮਾਲਵਾ ਦੇ ਆਗੂ ਗੁਰਵਿੰਦਰ ਸਿੰਘ ਬੱਲ੍ਹੋ ਅਤੇ ਅਰਜਨ ਸਿੰਘ ਫੂਲ ਨੇ ਕਿਹਾ ਕਿ ਲੰਪੀ ਸਕਿਨ ਬਿਮਾਰੀ ਨਾਲ ਦੁਧਾਰੂ ਪਸ਼ੂ ਮਰ ਰਹੇ ਹਨ, ਇਨ੍ਹਾਂ ਨੂੰ ਦਫ਼ਨਾਉਣ ਲਈ ਕੋਈ ਪ੍ਰਬੰਧ ਨਹੀਂ ਹੈ। ਇਸ ਕਾਰਨ ਪਿੰਡਾਂ ਵਿੱਚ ਬਦਬੂ ਆਉਣੀ ਸ਼ੁਰੂ ਹੋ ਗਈ ਹੈ ਅਤੇ ਇਹ ਮਹਾਮਾਰੀ ਅੱਗੇ ਵੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਪਸ਼ੂਆਂ ਦੇ ਮੁਫ਼ਤ ਇਲਾਜ ਦਾ ਪ੍ਰਬੰਧ ਕਰੇ। ਇਸ ਬਿਮਾਰੀ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕੀਤਾ ਜਾਵੇ। ਮੌਕੇ ’ਤੇ ਪਹੁੰਚੇ ਥਾਣਾ ਸਦਰ ਰਾਮਪੁਰਾ ਦੇ ਮੁਖੀ ਅਤੇ ਪੰਚਾਇਤ ਸਕੱਤਰ ਨੇ ਜੇਸੀਬੀ ਲਿਆ ਕੇ ਮਰੇ ਹੋਏ ਪਸ਼ੂਆਂ ਨੂੰ ਦਫ਼ਨਾਇਆ ਅਤੇ ਵੈਟਰਨਰੀ ਡਾਕਟਰ ਦੀ ਨਿਯੁਕਤੀ ਕੀਤੀ ਗਈ। ਉਨ੍ਹਾਂ ਬਿਮਾਰੀ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕਰਨ ਦਾ ਵਿਸ਼ਵਾਸ ਦਿੱਤਾ। ਇਸ ਮਗਰੋਂ ਪਿੰਡ ਵਾਸੀਆਂ ਨੇ ਜਾਮ ਖੋਲ੍ਹ ਦਿੱਤਾ। ਇਸ ਮੌਕੇ ਭੋਲਾ ਸਿੰਘ ਫੂਲ, ਅਮਨਦੀਪ ਸਿੰਘ, ਹਰਵਿੰਦਰ ਸਿੰਘ, ਅਮਨਦੀਪ ਕੌਰ,ਹਰਬੰਸ ਸਿੰਘ ਬਿੱਟੂ, ਬੂਟਾ ਸਿੰਘ, ਹਾਕਮ ਸਿੰਘ ਤੇ ਜਰਨੈਲ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।