ਪੱਤਰ ਪ੍ਰੇਰਕ
ਟੱਲੇਵਾਲ, 4 ਸਤੰਬਰ
ਲੰਪੀ ਸਕਿਨ ਦੀ ਬੀਮਾਰੀ ਨਾਲ ਮਰਨ ਵਾਲੇ ਪਸ਼ੂਆਂ ਦਾ ਮੁਆਵਜ਼ਾ ਪੀੜਤ ਪਸ਼ੂ ਪਾਲਕਾਂ ਨੂੰ ਦਿਵਾਉਣ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੀਵਾਨਾ, ਗਹਿਲ, ਰਾਮਗੜ੍ਹ, ਟੱਲੇਵਾਲ, ਦੀਪਗੜ੍ਹ, ਮੱਝੂਕੇ, ਤਲਵੰਡੀ ਆਦਿ ਪਿੰਡਾਂ ਵਿਚ ਫਾਰਮ ਭਰੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਸਰਬਜੀਤ ਸਿੰਘ ਮਾਛੀਕੇ ਨੇ ਕਿਹਾ ਕਿ ਲੰਪੀ ਸਕਿਨ ਬੀਮਾਰੀ ਤੋਂ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਦੇ ਫਾਰਮ ਭਰੇ ਗਏ ਹਨ ਅਤੇ ਅਤੇ ਇਹ ਫਾਰਮ 5 ਸਤੰਬਰ ਨੂੰ ਹਲਕਾ ਵਿਧਾਇਕਾਂ ਨੂੰ ਸੌਂਪੇ ਜਾਣਗੇ। ਸੁਖਵਿੰਦਰ ਕੁਮਾਰ ਨੇ ਕਿਹਾ ਕਿ ਬਿਮਾਰੀ ਨਾਲ ਨਜਿੱਠਣ ਲਈ ਸਰਕਾਰ ਨੇ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਅਤੇ ਨਾ ਹੀ ਕੋਈ ਇਲਾਜ ਦੀ ਸਹੂਲਤ ਦਿੱਤੀ ਹੈ। ਇਸ ਦੇ ਸੰਬੰਧ ਵਿਚ 5 ਸਤੰਬਰ ਨੂੰ ਪੰਜਾਬ ਦੇ ਕਿਸਾਨ ਸੰਯੁਕਤ ਮੋਰਚੇ ਦੇ ਦਿੱਤੇ ਸਾਂਝੇ ਪ੍ਰੋਗਰਾਮ ਤਹਿਤ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਅਤੇ ਹਲਕਾ ਵਿਧਾਇਕਾਂ ਨੂੰ ਮੰਗ-ਪੱਤਰ ਸੌਂਪੇ ਜਾਣਗੇ, ਜੋ ਹਲਕਾ ਵਿਧਾਇਕਾਂ ਦੇ ਦਫ਼ਤਰ ਅੱਗੇ 11 ਵਜੇ ਤੋਂ 2 ਵਜੇ ਤੱਕ ਤਿੰਨ ਘੰਟਿਆਂ ਦਾ ਸ਼ਾਂਤਮਈ ਪ੍ਰਦਰਸ਼ਨ ਵੀ ਕੀਤਾ ਜਾਵੇਗਾ। ਕਿਸਾਨ ਸੰਯੁਕਤ ਮੋਰਚੇ ਵਲੋਂ ਲੰਪੀ ਸਕਿਨ ਦੇ ਰੋਗ ਨਾਲ ਪੀੜਤ ਪਸ਼ੂਆਂ ਦੇ ਇਲਾਜ ਲਈ ਡਾਕਟਰੀ ਸਹਾਇਤਾ ਅਤੇ ਮ੍ਰਿਤਕ ਪਸ਼ੂਆਂ ਨੂੰ ਨੱਪਣ ਲਈ ਸਰਕਾਰ ਵਲੋਂ ਪੰਚਾਇਤਾਂ ਜ਼ਰੀਏ ਮਸ਼ੀਨਾਂ ਉਪਲਬਧ ਕਰਾਉਣੀਆਂ, ਪਸ਼ੂ ਪਾਲਕਾਂ ਵਲੋਂ ਆਪਣੇ ਤੌਰ ’ਤੇ ਕੀਤੇ ਇਲਾਜ ਦੇ ਖ਼ਰਚੇ ਦੇ ਮੁਆਵਜ਼ੇ ਸੰਬੰਧੀ ਫਾਰਮ ਅਤੇ ਇਨ੍ਹਾਂ ਮੰਗਾਂ ਦੇ ਸੰਬੰਧ ਵਿਚ ਮੰਗ-ਪੱਤਰ ਸੌਂਪਿਆ ਜਾਵੇਗਾ।
ਪਸ਼ੂ ਪਾਲਕਾਂ ਵੱਲੋਂ ਮੁਆਵਜ਼ੇ ਦੀ ਮੰਗ
ਰਾਮਪੁਰਾ ਫੂਲ(ਨਿੱਜੀ ਪੱਤਰ ਪ੍ਰੇਰਕ): ਪੰਜਾਬ ਕਿਸਾਨ ਯੂਨੀਅਨ (ਇਕਾਈ ਫੂਲ) ਦੀ ਇਕ ਅਹਿਮ ਮੀਟਿੰਗ ਗੁਰਦੁਆਰਾ ਸਾਹਿਬ ਪੱਤੀ ਜਟਾਣਾ ਵਿੱਚ ਹੋਈ। ਇਸ ਦੌਰਾਨ ਇਕਾਈ ਫੂਲ ਦੇ ਪ੍ਰਧਾਨ ਗੁਰਜੀਤ ਸਿੰਘ ਜਟਾਣਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਸ਼ੂਆਂ ’ਚ ਆਇਆ ਨਵਾਂ ਵਾਇਰਸ ਲੰਪੀ ਸਕਿਨ ਨਾਲ ਵੱਡੀ ਪੱਧਰ ’ਤੇ ਡੇਅਰੀ ਫਾਰਮਰਜ਼ ਦੀਆਂ ਦੁਧਾਰੂ ਗਾਵਾਂ ਮਰ ਗਈਆਂ ਹਨ। ਛੋਟੇ ਕਿਸਾਨਾਂ ਦੇ ਕਿੱਲੇ ਖਾਲੀ ਹੋ ਗਏ ਹਨ ਅਤੇ ਇਨ੍ਹਾਂ ਫਾਰਮਾਂ ਦੇ ਗੁਜ਼ਾਰੇ ਦਾ ਕੋਈ ਵੀ ਸਾਧਨ ਨਹੀਂ ਰਿਹਾ। ਇਨ੍ਹਾਂ ਵਿੱਚ ਨਗਰ ਫੂਲ ਦੇ ਹਰਦੀਪ ਸਿੰਘ ਕਾਲਾ ਕਾਰਗਿੱਲ, ਚਰਨਜੀਤ ਸਿੰਘ ਸਾਬਕਾ ਫੌਜੀ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ , ਬਲਵੀਰ ਸਿੰਘ, ਰਮਨਦੀਪ ਸਿੰਘ ਦੀਆਂ ਦੋ ਤੋਂ ਲੈ ਕੇ ਪੰਜ ਗਾਵਾਂ ਇਸ ਬਿਮਾਰੀ ਕਾਰਨ ਮੌਤ ਦੇ ਮੂੰਹ ਵਿੱਚ ਚਲੀਆਂ ਗਈਆਂ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪੀੜਤ ਕਿਸਾਨਾਂ ਨੂੰ ਇੱਕ ਲੱਖ ਪ੍ਰਤੀ ਗਾਂ ਦੇ ਹਿਸਾਬ ਨਾਲ ਤੁਰੰਤ ਮੁਆਵਜ਼ਾ ਦੇਵੇ। ਇਸ ਸਬੰਧੀ ਅਗਲੇ ਦਿਨਾਂ ਵਿੱਚ ਪੰਜਾਬ ਕਿਸਾਨ ਯੂਨੀਅਨ ਵੱਲੋਂ ਮਾਨ ਸਰਕਾਰ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਵੀ ਸੌਂਪੇ ਜਾਣਗੇ। ਇਸ ਮੌਕੇ ਕਿਸਾਨ ਆਗੂ ਮੱਘਰ ਸਿੰਘ, ਬਿੱਕਰ ਸਿੰਘ, ਗੁਰਪ੍ਰੀਤ ਦੀਪੀ ,ਰਮਨਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਨਗਰ ਨਿਵਾਸੀ ਹਾਜ਼ਰ ਸਨ।