ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 30 ਸਤੰਬਰ
ਨੇੜਲੇ ਪਿੰਡ ਪੱਖੋ ਕਲਾਂ ’ਚ ਇਕੱਤਰ ਹੋਈਆਂ ਮਗਨਰੇਗਾ ਮਜ਼ਦੂਰ ਔਰਤਾਂ ਨੇ ਗਰਾਮ ਪੰਚਾਇਤ ਅਤੇ ਮਨਰੇਗਾ ਸੈਕਟਰੀ ਖ਼ਿਲਾਫ਼ ਆਪਹੁਦਰੀਆਂ ਦਾ ਦੋਸ਼ ਲਗਾਉਂਦੇ ਹੋਏ ਬੱਸ ਸਟੈਂਡ ਉੱਪਰ ਬਰਨਾਲਾ-ਮਾਨਸਾ ਸੜਕ ਜਾਮ ਕਰਕੇ ਧਰਨਾ ਲਗਾਇਆ ਅਤੇ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਮਨਰੇਗਾ ਮਜ਼ਦੂਰ ਵੀਰਪਾਲ ਕੌਰ, ਜੀਤੋ ਕੌਰ, ਅਮਰਜੀਤ ਕੌਰ, ਜਸਪਾਲ ਕੌਰ, ਸੁਖਜੀਤ ਕੌਰ, ਕਰਨੈਲ ਕੌਰ, ਚਰਨਜੀਤ ਕੌਰ, ਗੁਰਮੀਤ ਕੌਰ, ਗੁਰਦੇਵ ਕੌਰ, ਮਾੜੋ ਕੌਰ, ਅਜੀਤ ਸਿੰਘ, ਮਿੰਦਰ ਕੌਰ, ਬਾਵਾ ਸਿੰਘ, ਸ਼ੇਰਾ ਸਿੰਘ, ਗੇਲਾ ਸਿੰਘ ਨੇ ਮਨਰੇਗਾ ਸੈਕਟਰੀ ਅਤੇ ਪੰਚਾਇਤ ਉੱਪਰ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਬੇਵਜ੍ਹਾ ਜ਼ਲੀਲ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੰਮ ’ਚ ਰੁਕਾਵਟ ਪਾਉਣ ਲਈ ਜਿਸ ਛੱਪੜ ਦੀ ਪੁਟਾਈ ਦਾ ਕੰਮ ਚੱਲ ਰਿਹਾ ਸੀ, ਉਸ ਵਿੱਚ ਪਾਣੀ ਛੱਡ ਦਿੱਤਾ ਗਿਆ। ਮਜ਼ਦੂਰ ਔਰਤਾਂ ਨੇ ਮਨਰੇਗਾ ਸੈਕਟਰੀ ਉੱਪਰ ਦੋਸ਼ ਲਗਾਉਦਿਆਂ ਕਿਹਾ ਕਿ ਉਹ ਮਜ਼ਦੂਰ ਔਰਤਾਂ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਆਪਣੇ ਘਰ ਵਿੱਚ ਚੱਲ ਰਹੀ ਉਸਾਰੀ ਦੇ ਕੰਮ ’ਚ ਲਿਜਾਂਦਾ ਹੈ ਅਤੇ ਜੇਕਰ ਕੋਈ ਔਰਤ ਇਨਕਾਰ ਕਰਦੀ ਹੈ ਤਾਂ ਉਸ ਦੀਆਂ ਦਿਹਾੜੀਆਂ ਕੱਟ ਲਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੈਕਟਰੀ ਵੱਲੋਂ ਮਨਰੇਗਾ ਦੇ ਕੰਮ ਵਿੱਚ ਕਥਿਤ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਸੈਕਟਰੀ ਨੇ ਆਪਣੇ ਚਹੇਤਿਆਂ ਦੇ ਫਰਜ਼ੀ ਕਾਰਡ ਵੀ ਬਣਾਏ ਹੋਏ ਹਨ ਜਿਨ੍ਹਾਂ ਦੇ ਖਾਤਿਆਂ ’ਚ ਬਿਨਾਂ ਮਜ਼ਦੂਰੀ ਕੀਤਿਆਂ ਇੱਕ-ਇੱਕ ਪਰਿਵਾਰ ਦੇ ਕਈ ਕਈ ਜੀਆਂ ਦੇ ਪੈਸੇ ਪਾਏ ਜਾ ਰਹੇ ਹਨ ਅਤੇ ਦੂਜੇ ਪਾਸੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪੈਸੇ ਨਹੀਂ ਮਿਲ ਰਹੇ ਤੇ ਕੰਮ ਕਰਵਾ ਕੇ ਉਨ੍ਹਾਂ ਦੀਆਂ ਹਾਜ਼ਰੀਆਂ ਵੀ ਨਹੀਂ ਪਾਈਆਂ ਜਾ ਰਹੀਆਂ। ਮਜ਼ਦੂਰ ਔਰਤਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੈਕਟਰੀ ਵੱਲੋਂ ਕੀਤੀ ਗਈ ਘਪਲੇਬਾਜ਼ੀ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਦੀ ਮਜ਼ਦੂਰੀ ਦੇ ਪੈਸੇ ਦਿਵਾਏ ਜਾਣ।
ਇਸ ਸਮੇਂ ਮਜ਼ਦੂਰਾਂ ਦੀ ਹਮਾਇਤ ਵਿੱਚ ਪੰਚ ਨਿੱਕਾ ਸਿੰਘ, ਪੰਚ ਅਮਰਜੀਤ ਸਿੰਘ, ਹਰਪਾਲ ਸਿੰਘ, ਜਗਰੂਪ ਸਿੰਘ ਖਾਲਸਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਮੋਹਨ ਸਿੰਘ ਰੂੜੇਕੇ ਆਦਿ ਪਹੁੰਚੇ ਹੋਏ ਸਨ। ਧਰਨੇ ਵਿੱਚ ਡੀਐੱਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਅਤੇ ਐੱਸਐੱਚਓ ਰੂੜੇਕੇ ਕਲਾਂ ਗੁਰਤੇਜ ਸਿੰਘ ਪਹੁੰਚੇ ਹੋਏ ਸਨ ਅਤੇ ਧਰਨਕਾਰੀ ਔਰਤਾਂ ਨਾਲ ਗੱਲਬਾਤ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਪਰ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਮਗਨਰੇਗਾ ਦੇ ਸਕੱਤਰ ਦਾ ਪੱਖ ਜਾਣਨ ਲਈ ਵਾਰ ਵਾਰ ਫੋਨ ਕੀਤਾ ਤਾਂ ਉਨ੍ਹਾਂ ਚੁੱਕਿਆ ਨਹੀਂ। ਉਪ ਕਪਤਾਨ ਪੁਲੀਸ ਰਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੀਡੀਪੀਓ ਅਤੇ ਤਹਿਸੀਲਦਾਰ ਆ ਰਹੇ ਹਨ ਅਤੇ ਜਲਦੀ ਹੀ ਮਸਲੇ ਦਾ ਹੱਲ ਕੱਢਿਆ ਜਾਵੇਗਾ