ਨਵਕਿਰਨ ਸਿੰਘ
ਮਹਿਲ ਕਲਾਂ, 1 ਜੂਨ
ਨੇੜਲੇ ਪਿੰਡ ਸਹੌਰ ਵਿੱਚ ਮਗਨਰੇਗਾ ਮਜ਼ਦੂਰਾਂ ਵੱਲੋਂ ਕੀਤੀ ਇਕੱਤਰਤਾ ਦੌਰਾਨ ਸਰਕਾਰ ਤੋਂ ਮਗਨਰੇਗਾ ਤਹਿਤ ਰੁਜ਼ਗਾਰ ਦੀ ਮੰਗ ਕੀਤੀ ਗਈ। ਪਿੰਡ ਦੀ ਧਰਮਸ਼ਾਲਾ ਵਿੱਚ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਅਤੇ ਬਲਾਕ ਆਗੂ ਰਾਮਪ੍ਰਵੇਸ਼ ਸਿੰਘ ਨੇ ਕਿਹਾ ਕਿ ਕਰੋਨਾਵਾਇਰਸ ਦੇ ਚੱਲਦਿਆਂ ਕੀਤੀ ਗਈ ਤਾਲਾਬੰਦੀ ਕਾਰਨ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਗਿਆ ਹੈ ਤੇ ਹੁਣ ਮਸ਼ੀਨੀਕਰਨ ਦੇ ਦੌਰ ਵਿੱਚ ਮਜ਼ਦੂਰਾਂ ਦਾ ਇੱਕ ਮਾਤਰ ਸਹਾਰਾ ਮਗਨਰੇਗਾ ਹੀ ਹੈ ਪਰ ਸੂਬਾ ਸਰਕਾਰ ਇਸ ਤਹਿਤ ਵੀ ਕੰਮ ਦੇਣ ਤੋਂ ਇਨਕਾਰੀ ਹੈ।
ਇਸ ਮੌਕੇ ਮਜ਼ਦੂਰਾਂ ਨੇ ਨਿੱਜੀ ਫਾਇਨਾਂਸ ਕੰਪਨੀਆਂ ਦੇ ਕਰਿੰਦਿਆਂ ’ਤੇ ਗਰੀਬ ਲੋਕਾਂ ਨੂੰ ਕਿਸ਼ਤਾਂ ਭਰਨ ਲਈ ਮਜਬੂਰ ਕਰਨ ਦੇ ਦੋਸ਼ ਲਗਾਉਂਦਿਆਂ ਸਰਕਾਰ ਤੋਂ ਮੰਗ ਕੀਤੀ ਅਜਿਹੀਆਂ ਗੈਰ ਕਾਨੂੰਨੀ ਉਗਰਾਹੀ ਕਰਨ ਵਾਲੀਆਂ ਨਿੱਜੀ ਫਾਇਨਾਂਸ ਕੰਪਨੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।