ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 10 ਜਨਵਰੀ
ਮਾਘੀ ਦੇ ਇਤਿਹਾਸਕ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਨਿਹੰਗ ਸਿੰਘ ਗੁਰਦੁਆਰਾ ਬਾਬਾ ਨੈਣਾ ਸਿੰਘ ਛਾਉਣੀ ਬੁੱਢਾ ਦਲ ਅਤੇ ਗੁਰਦੁਆਰਾ ਬੱਗਸਰ ਸਾਹਿਬ ਜੱਸੀ ਬਾਗ ਵਾਲੀ ਵਿਖੇ ਪਹੁੰਚ ਗਏ ਹਨ। ਉਨ੍ਹਾਂ ਮਾਘੀ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਆਰੰਭ ਦਿੱਤੀਆਂ ਹਨ। ਜਾਣਕਾਰੀ ਮੁਤਾਬਿਕ 12 ਜਨਵਰੀ ਤੋਂ ਅਖੰਡ ਪਾਠ ਆਰੰਭ ਹੋਣਗੇ ਤੇ ਭੋਗ 14 ਜਨਵਰੀ ਨੂੰ ਪਾਏ ਜਾਣਗੇ। ਇਸੇ ਤਰ੍ਹਾਂ ਮੁਕਤਸਰ ਸਾਹਿਬ ਵਿਖੇ ਦਸਮ ਗ੍ਰੰਥ ਅਤੇ ਸਰਬ ਲੋਹ ਗ੍ਰੰਥ ਦੇ ਭੋਗ 15 ਜਨਵਰੀ ਨੂੰ ਪੈਣਗੇ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਦੋਹਾਂ ਧਾਰਮਿਕ ਅਸਥਾਨਾਂ ਪੁਰ ਧਾਰਮਿਕ ਦੀਵਾਨ ਸਜਣਗੇ ਅਤੇ ਅੰਮ੍ਰਿਤ ਸੰਚਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਕੀਤੇ ਜਾਣਗੇ। ਉਨ੍ਹਾਂ ਇਸ ਅਸਥਾਨ ਦੀ ਇਤਿਹਾਸਕ ਮਹੱਤਤਾ ਦੱਸਦਿਆਂ ਕਿਹਾ ਕਿ ਦੱਸਵੇਂ ਪਾਤਸ਼ਾਹ ਕਲਯੁਗੀ ਜੀਵਾਂ ਦੇ ਉਧਾਰ ਕਰਦੇ ਹੋਏ ਮੁਕਤਸਰ ਤੋਂ ਪਿੰਡ ਜੱਸੀ ਬਾਗ ਵਾਲੀ ਗੁਰਦੁਆਰਾ ਬੱਗਸਰ ਸਾਹਿਬ ਵਾਲੇ ਸਥਾਨ ’ਤੇ ਪੁੱਜੇ ਸਨ। ਮਾਘੀ ਮੇਲੇ ਨੂੰ ਸਮਰਪਿਤ ਦੋਹਾਂ ਮਹਾਨ ਤੀਰਥਾਂ ’ਤੇ ਧਾਰਮਿਕ ਸਮਾਗਮਾਂ ਚਾਰੇ ਦਿਨ ਚੱਲਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।