ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਮੇਲਾ ਮਾਘੀ ਮੌਕੇ ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਵਿਸ਼ਵ ਭਰ ’ਚੋਂ ਆਈ ਲੱਖਾਂ ਸੰਗਤ ਨੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ’ਚ ਟੁੱਭੀ ਲਾਈ| ਸੰਗਤ ਨੇ 13 ਜਨਵਰੀ ਦੀ ਰਾਤ 12 ਵਜੇ ਤੋਂ ਹੀ ਇਸ਼ਨਾਨ ਕਰਨਾ ਸ਼ੁਰੂ ਕਰ ਦਿੱਤਾ ਸੀ| ਉੱਤਰ ਪ੍ਰਦੇਸ਼ ਤੋਂ ਆਏ ਜਰਨੈਲ ਸਿੰਘ ਨੇ ਦੱਸਿਆ ਕਿ ਉਹ 13 ਜਨਵਰੀ ਦੀ ਸ਼ਾਮ ਨੂੰ ਗੁਰਦੁਆਰਾ ਸਾਹਿਬ ਪਹੁੰਚ ਗਏ ਸਨ| ਇਥੇ ਉਨ੍ਹਾਂ ਨੂੰ ਸਰਾਂ ’ਚ ਕਮਰਾ ਮਿਲ ਗਿਆ ਤੇ ਉਨ੍ਹਾਂ ਪਰਿਵਾਰ ਸਣੇ 12 ਵਜੇ ਤੱਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਢਾਡੀ ਦਰਬਾਰ ਸੁਣਿਆ ਤੇ 12 ਵਜੇ ਇਸ਼ਨਾਨ ਕਰਕੇ ਚਾਲ੍ਹੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ| ਇਸ ਵਾਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਠੰਡ ਦੇ ਮੱਦੇਨਜ਼ਰ ਯਾਤਰੂਆਂ ਦੀ ਸਹੂਲਤ ਲਈ ਸਰੋਵਰ ਦੋ ਚੋਹੀਂ ਪਾਸੀਂ ਪਰਿਕਰਮਾ ਵਿੱਚ ਗਰਮ ਕੱਪੜੇ (ਮੈਟ) ਵਿਛਾਏ ਹੋਏ ਸਨ ਜਿਸ ਕਰਕੇ ਸੰਗਤਾਂ ਨੂੰ ਫਰਸ਼ ਦੀ ਠੰਢਕ ਤੋਂ ਰਾਹਤ ਮਿਲੀ| ਇਸਦੇ ਨਾਲ ਹੀ ਸੰਗਤ ਵਾਸਤੇ ਗੱਦੇ ਤੇ ਕੰਬਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ| ਇਸ ਵਾਰ ਦਰਬਾਰ ਸਾਹਿਬ ਦੇ ਕਿਵਾੜ ਵੀ ਸਾਰੀ ਰਾਤ ਖੁੱਲ੍ਹੇ ਰੱਖੇ ਗਏ ਜਿਸ ਕਰਕੇ ਸੰਗਤਾਂ ਨੂੰ ਦਰਸ਼ਨਾਂ ਵਾਸਤੇ ਧੱਕਾ-ਮੁੱਕੀ ਨਹੀਂ ਕਰਨੀ ਪਈ| ਪਰਿਕਰਮਾ ਅੰਦਰ ਹੀ ਦੋ ਲੰਗਰ ਲਗਾਤਾਰ ਚੱਲ ਰਹੇ ਸਨ| ਇਸੇ ਤਰ੍ਹਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੀ ਲੰਗਰ ਦਾ ਪ੍ਰਬੰਧ ਸੀ| ਮੈਨੇਜਰ ਰੇਸ਼ਮ ਸਿੰਘ ਨੇ ਦੱਸਿਆ ਕਿ ਕਿਸੇ ਹੰਗਾਮੀ ਹਾਲਤ ਨਾਲ ਨਜਿੱਠਣ ਵਾਸਤੇ ਗੋਤਾਖੋਰਾਂ ਦਾ ਵੀ ਪ੍ਰਬੰਧ ਹੈ|
ਦਰਬਾਰ ਸਾਹਿਬ ਕੰਪਲੈਕਸ ‘ਚ ਦਰਜਨਾਂ ਕਰਮਚਾਰੀ ਚੌਕਸੀ ਉਪਰ ਲੱਗੇ ਹੋਏ ਸਨ| ਪ੍ਰਸ਼ਾਦ ਵਾਸਤੇ ਕਰੀਬ ਤਿੰਨ ਦਰਜਨ ਕਰਮਚਾਰੀ ਦੂਸਰੇ ਗੁਰਦੁਆਰਿਆਂ ਤੋਂ ਸੱਦੇ ਗਏ ਸਨ| ਉਨ੍ਹਾਂ ਦੱਸਿਆ ਕਿ ਭਲਕੇ ਨਾਕਾ ਨੰਬਰ ਛੇ ਤੋਂ ਨਗਰ ਕੀਰਤਨ ਸ਼ੁਰੂ ਹੋਵੇਗਾ ਜਿਹੜਾ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਪੁੱਜੇਗਾ| ਇਸ ਦੌਰਾਨ ਨਿਹੰਗ ਸਿੰਘ ਮਹੱਲਾ ਕੱਢਣਗੇੇ| ਇਸ ਦੌਰਾਨ ਦੇਰ ਸ਼ਾਮ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਚਾਲ੍ਹੀ ਮੁਕਤਿਆਂ ਨੂੰ ਨਤਮਸਤਕ ਹੋਣ ਵਾਸਤੇ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਵਿਖੇ ਪੁੱਜੇ|ਇਸ ਦੌਰਾਨ ਸ਼ਰਧਾਲੂਆਂ ਨੇ ਗੁਰਦੁਆਰਾ ਟਿੱਬੀ ਸਾਹਿਬ ਕੰਪਲੈਕਸ ਵਿਚ ਦਰਸ਼ਨ ਕੀਤੇ| ਨਿਹੰਗ ਸਿੰਘਾਂ ਵੱਲੋਂ ਛਾਉਣੀਆਂ ਵਿੱਚ ਦਸਮ ਗ੍ਰੰਥ ਦੇ ਪਾਠ ਦੇ ਭੋਗ ਪਾਏ ਗਏ| ਇਸ ਦੌਰਾਨ ਦਸਤਾਰਾਂ ਦੇ ਲੰਗਰ ਤੇ ਦਸਤਾਰ ਸਿਖਲਾਈ ਕੈਂਪ ਲੋਕਾਂ ਦੀ ਖਿੱਚ ਦੇ ਕੇਂਦਰ ਬਣੇ| ਇਸ ਦੌਰਾਨ ਸ਼ਹਿਰ ਵਿੱਚ ਸੈਂਕੜੇ ਹੀ ਲੰਗਰ ਲਾਏ ਗਏ ਸਨ ਪਰ ਇਨ੍ਹਾਂ ਲੰਗਰਾਂ ਨੂੰ ਠੀਕ ਢੰਗ ਨਾਲ ਨਾ ਲਾਉਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਲੰਗਰ ਬਿਲਕੁਲ ਨਾਲੋ-ਨਾਲ ਲੱਗੇ ਹੋਣ ਕਰਕੇ ਉਥੇ ਭੀੜ ਇਕੱਠੀ ਹੋ ਜਾਂਦੀ ਸੀ ਅਤੇ ਕਾਗਜ਼ੀ ਤੇ ਪਲਾਸਟਿਕ ਦੇ ਭਾਂਡਿਆਂ ਦੀ ਗੰਦਗੀ ਦੇ ਢੇਰ ਲੱਗੇ ਹੋਏ ਸਨ| ਸਭ ਤੋਂ ਵੱਧ ਤਕਲੀਫ ਬੇਹੱਦ ਉਚੀ ਅਵਾਜ਼ ‘ਚ ਲੱਗੇ ਸਪੀਕਰਾਂ ਦੀ ਸੀ| ਐਡਵੋਕੇਟ ਰਣਜੀਤ ਸਿੰਘ ਥਾਂਦੇਵਾਲਾ ਸਣੇ ਹੋਰ ਸਮਾਜ ਸੇਵੀਆਂ ਪ੍ਰਸ਼ਾਸਨ ਤੋਂ ਲੰਗਰ ਪ੍ਰਬੰਧਕਾਂ ਨੂੰ ਢੁਕਵੀਆਂ ਹਦਾਇਤਾਂ ਜਾਰੀ ਕਰਨ ਅਤੇ ਕਚਰਾ ਤੇ ਆਵਾਜ਼ ਪ੍ਰਦੂਸ਼ਨ ਤੋਂ ਬਚਾਅ ਕਰਨ ਦੀ ਅਪੀਲ ਕੀਤੀ ਹੈ|