ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 14 ਜਨਵਰੀ
ਤਿੰੰਨ ਗੁਰੂ ਸਹਬਿਾਨ ਦੀ ਚਰਨ ਛੋਹ ਧਰਤੀ ਪਿੰਡ ਤਖਤੂਪੁਰਾ ’ਚ ਚਾਰ ਰੋਜ਼ਾ ਮਾਘੀ ਮੇਲਾ ਅੱਜ ਮਾਘੀ ਦੇ ਦਿਨ ਸ਼ੁਰੂ ਹੋਗਿਆ। ਇਸ ਮੇਲੇ ’ਚ ਹਜ਼ਾਰਾਂ ਪ੍ਰਾਣੀਆਂ ਨੇ ਗੁਰਦਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਅੱਤ ਦੀ ਠੰਢ ਵਿੱਚ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤੇ।
ਮੇਲੇ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਆਪਣੀਆਂ ਪੇਸ਼ਕਸ਼ਾਂ ਦੀਆਂ ਨੁਮਾਇਸ਼ਾਂ ਲਗਈਆਂ ਗਈਆਂ ਅਤੇ ਹਰ ਵਾਰ ਦੀ ਤਰ੍ਹਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕਬੱਡੀ ਟੂਰਨਾਮੈਂਟ ਦੀ ਜਗ੍ਹਾ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਸਮਾਗਮ ਕੀਤਾ ਗਿਆ ਜਿਸ ਵਿੱਚ ਆਜ਼ਾਦ ਰੰਗਮੰਚ ਬਰਨਾਲਾ ਦੇ ਕਲਾਕਾਰਾਂ ਨੇ ਨਾਟਕ ਕੋਰੀਓਗਰਾਫ਼ੀਆਂ ਕੀਤੀਆਂ। ਕਿਸਾਨ ਆਗੂਆਂ ਨਰਾਇਣ ਦੱਤ, ਗੁਰਦੇਵ ਸਿੰਘ ਬਰਨਾਲਾ ਆਦਿ ਬੁਲਾਰਿਆਂ ਨੇ ਕਾਲੇ ਬਿੱਲਾਂ ਵਿੱਚ ਲੁਕੀ ਮੋਦੀ ਦੀ ਕਾਰਪੋਰੇਟ ਘਰਾਣਿਆਂ ਪ੍ਰਤੀ ਸੌੜ ਸੋਚ ਦਾ ਪ੍ਰਦਾਫ਼ਾਸ਼ ਕਰਦਿਆਂ 26 ਦੇ ਪ੍ਰੋਗਰਾਮਾਂ ਲਈ ਦਿੱਲੀ ਤਖ਼ਤ ਦੀਆਂ ਚੂਲਾਂ ਹਿਲਾਉਣ ਲਈ ਹੰਭਲਾ ਮਾਰਨ ਲਈ ਆਖਿਆ। ਇਸ ਮੌਕੇ ਪ੍ਰਧਾਨ ਸੁਖਚੈਨ ਸਿੰਘ ਰਾਮਾ, ਡਾ. ਗੁਰਦੀਪ ਸਿੰਘ, ਨੀਟੂ ਖੂਹੀ ਵਾਲਾ, ਸੁਖਮੰਦਰ ਸਿੰਘ, ਹਰਵਿੰਦਰ ਭਾਗੀਕੇ, ਰਣਜੀਤ ਸਿੰਘ ਬਿਲਾਸਪੁਰ ਸਣੇ ਯੂਨੀਅਨ ਆਗੂ ਹਾਜ਼ਰ ਸਨ। ਮੇਲੇ ’ਚ ਕਿਸਾਨ ਝੰਡੇ ਝੂਲਦੇ ਨਜ਼ਰ ਆਏ। ਦਿੱਲੀ ਅੰਦੋਲਨ ਵਿੱਚ ਇਲਾਕੇ ਦੀ ਭਰਵੀਂ ਸ਼ਮੂਲੀਅਤ ਕਾਰਨ ਮੇਲੇ ਵਿੱਚ ਰੌਣਕ ਪਹਿਲਾਂ ਨਾਲੋਂ ਮੱਠੀ ਰਹੀ। ਇਲਾਕੇ ਤੇ ਦੂਰ ਦਰਾਡ ਤੋਂ ਆਏ ਮੇਲੀਆਂ ਨੇ ਚੰਡੋਲਾਂ ਝੂਟ ਕੇ ਮੇਲੇ ਦਾ ਅਨੰਦ ਮਾਣਿਆਂ।