ਪੱਤਰ ਪ੍ਰੇਰਕ
ਬਾਘਾ ਪੁਰਾਣਾ, 5 ਸਤੰਬਰ
ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਸਭਾ ਦੇ ਮੁੱਢਲੇ ਮੈਂਬਰ ਅਤੇ ਪ੍ਰਧਾਨ ਰਹੇ ਮਰਹੂਮ ਮਲਕੀਤ ਸਿੰਘ ਬਰਾੜ ਆਲਮਵਾਲਾ ਦੀ ਛਪੀ ਪਈ ਕਿਤਾਬ ‘ਨਿਸ਼ਾਨਾ’ ਨੂੰ ਉਨ੍ਹਾਂ ਦੀ ਧਰਮ ਪਤਨੀ ਵਰਜੀਤ ਕੌਰ ਬਰਾੜ ਅਤੇ ਸਭਾ ਦੇ ਪ੍ਰਧਾਨ ਲਖਵੀਰ ਕੋਮਲ ਹੁਰਾਂ ਨੇ ਲੋਕ ਅਰਪਣ ਕੀਤਾ। ਸਭਾ ਦੇ ਸਕੱਤਰ ਹਰਵਿੰਦਰ ਰੋਡੇ ਅਤੇ ਜਸਵੰਤ ਜੱਸੀ ਨੇ ਕਿਤਾਬ ਅੰਦਰਲੀਆਂ ਲਿਖਤਾਂ ਉੱਪਰ ਵਿਸਥਾਰ ਸਹਿਤ ਚਾਨਣਾ ਪਾਇਆ। ਲੇਖਕ ਮਲਕੀਅਤ ਸਿੰਘ ਦੀ ਪਤਨੀ ਅਤੇ ਸਭਾ ਦੇ ਮੌਜੂਦਾ ਮੈਂਬਰ ਮਾਸਟਰ ਰਘਬੀਰ ਸਿੰਘ ਲੰਗਿਆਣਾ ਵੱਲੋਂ ਸਭਾ ਨੂੰ ਵਿੱਤੀ ਮਦਦ ਵੀ ਦਿੱਤੀ ਗਈ। ਸਭਾ ਵੱਲੋਂ ਆਪਣੇ ਲੇਖਕ ਮੈਂਬਰਾਂ ਦੀ ਛਪਵਾਈ ਜਾਣ ਵਾਲੀ ਸਾਂਝੀ ਪੁਸਤਕ ਬਾਰੇ ਵੀ ਅੰਤਿਮ ਫੈਸਲਾ ਲਿਆ ਗਿਆ ਅਤੇ ਮੈਂਬਰਾਂ ਨੂੰ ਆਪੋ-ਆਪਣੀਆਂ ਲਿਖਤਾਂ 25 ਸਤੰਬਰ ਤੱਕ ਪ੍ਰਧਾਨ ਜਾਂ ਸਕੱਤਰ ਕੋਲ ਪੁੱਜਦੀਆਂ ਕਰਨ ਦੀ ਅਪੀਲ ਕੀਤੀ ਗਈ। ਸਾਹਿਤਕ ਸੱਥ ’ਚੋਂ ਸਦੀਵੀਂ ਤੌਰ ’ਤੇ ਰੁਖ਼ਸਤ ਹੋਏ ਮੋਹਨ ਸਿੰਘ ਕਾਹਲੋਂ, ਪ੍ਰੀਤਮ ਸਿੰਘ ਅਤੇ ਤਰਸੇਮ ਲਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।