ਪੱਤਰ ਪ੍ਰੇਰਕ
ਮਾਨਸਾ, 12 ਜੁਲਾਈ
ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ‘ਵਿੱਤੀ ਸਾਖਰਤਾ’ ਵਿਸ਼ੇ ਤਹਿਤ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਰਦੂਲਗੜ੍ਹ, ਮਾਨਸਾ ਅਤੇ ਬੁਢਲਾਡਾ ਬਲਾਕ ਦੀਆਂ ਟੀਮਾਂ ਨੇ ਭਾਗ ਲਿਆ। ਇਹ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ ਵਿਖੇ ਹੋਏ। ਸਮਾਰਟ ਸਕੂਲ ਮਲਕੋਂ ਦੇ ਸਕੂਲ ਮੁਖੀ ਜਸਮੇਲ ਸਿੰਘ ਗਿੱਲ ਨੇ ਦੱਸਿਆ ਕਿ ਨੌਵੀਂ ਕਲਾਸ ਦੇ ਵਿਦਿਆਰਥੀ ਸਾਹਿਲ ਗਰਗ ਅਤੇ ਲਵਪ੍ਰੀਤ ਸਿੰਘ ਨੇ ਬਲਾਕ ਪੱਧਰੀ ਮੁਕਾਬਲਿਆਂ ਦੌਰਾਨ 22 ਟੀਮਾਂ ਵਿਚੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ 10,000 ਰੁਪਏ ਦਾ ਨਕਦ ਇਨਾਮ, ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਪ੍ਰਾਪਤ ਕੀਤੇ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਪਿੰਡ ਦੇ ਪਤਵੰਤਿਆਂ ਅਤੇ ਸਮੂਹ ਸਟਾਫ਼ ਨੇ ਜੇਤੂ ਵਿਦਿਆਰਥੀਆਂ ਦਾ ਸਵਾਗਤ ਅਤੇ ਸਨਮਾਨ ਕੀਤਾ। ਇਸੇ ਦੌਰਾਨ ਮਾਨਸਾ ਦੇ ਜ਼ਿਲ੍ਹਾ ਸਿਖਿਆ ਅਫ਼ਸਰ( ਸੈ.ਸਿ.) ਹਰਿੰਦਰ ਸਿੰਘ ਭੁੱਲਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਅਸ਼ੋਕ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਪ੍ਰਾਪਤੀ ਲਈ ਸਕੂਲ ਮੁੱਖੀ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਜੁਗਰਾਜ ਸਿੰਘ, ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਕੌਰ, ਰਜਨੀ ਅਰੋੜਾ ਵੀ ਮੌਜੂਦ ਸਨ।