ਲਖਵਿੰਦਰ ਸਿੰਘ
ਮਲੋਟ, 5 ਜੁਲਾਈ
ਨਗਰ ਕੌਂਸਲ ਮਲੋਟ ਵੱਲੋਂ ਲਗਪਗ ਢਾਈ ਸਾਲ ਪਹਿਲਾਂ ਸ਼ਹਿਰ ਦੀ ਸਫ਼ਾਈ ਲਈ 20 ਲੱਖ ਰੁਪਏ ਨਾਲ ਖਰੀਦੀ ਨਵੀਂ ਸਫ਼ਾਈ (ਸਵੀਪਿੰਗ) ਮਸ਼ੀਨ ’ਤੇ ਧੂੜ ਜੰਮ ਗਈ ਹੈ। ਜਾਣਕਾਰੀ ਅਨੁਸਾਰ ਇਹ ਸਵੀਪਿੰਗ ਮਸ਼ੀਨ ਕਾਂਗਰਸ ਦੀ ਵਜ਼ਾਰਤ ਮੌਕੇ ਨਗਰ ਕੌਂਸਲ ਵੱਲੋਂ ਸੜਕਾਂ ਦੀ ਸਫ਼ਾਈ ਲਈ ਖਰੀਦੀ ਗਈ ਸੀ, ਪਰ ਹੁਣ ਇਹ ਫਾਇਰ ਬ੍ਰਿਗੇਡ ਦੇ ਦਫ਼ਤਰ ਦੇ ਪਿਛਲੇ ਪਾਸੇ ਇੱਕ ਖੂੰਝੇ ਖੜ੍ਹੀ ਆਪਣੇ ਹਲਾਤ ’ਤੇ ਅੱਥਰੂ ਵਹਾਉਂਦੀ ਨਜ਼ਰ ਆ ਰਹੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਦੀ ਇਹ ਮਸ਼ੀਨ ਲਿਆਂਦੀ ਗਈ ਹੈ, ਉਨ੍ਹਾਂ ਇੱਕ ਦਿਨ ਵੀ ਸੜਕ ਦੀ ਸਫ਼ਾਈ ਕਰਦੀ ਨਹੀਂ ਦੇਖੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਇਸ ਮਸ਼ੀਨ ਨੂੰ ਇੱਕ ਖੂੰਝੇ ਹੀ ਲਾਉਣਾ ਸੀ ਤਾਂ ਇਨ੍ਹਾਂ ਪੈਸਾ ਖਰਚ ਕਰਨ ਦੀ ਕੀ ਮਜਬੂਰੀ ਸੀ? ਇਸ ਪੈਸੇ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਵੀ ਵਰਤਿਆ ਜਾ ਸਕਦਾ ਸੀ। ਸੂਤਰਾਂ ਅਨੁਸਾਰ ਦਾ ਕਹਿਣਾ ਹੈ ਕਿ ਹੋਰ ਵੀ ਕਈ ਸ਼ਹਿਰਾਂ ਨੇ ਅਜਿਹੀਆਂ ਸਫਾਈ ਮਸ਼ੀਨਾਂ ਦੀ ਖਰੀਦ ਕੀਤੀ ਸੀ, ਪਰ ਇਹ ਬਹੁਤੀ ਕਾਮਯਾਬ ਨਹੀਂ ਹੋਈ, ਕਿਉਂਕਿ ਇਸ ਮਸ਼ੀਨ ਦਾ ਰੱਖ-ਰਖਾਅ ਦਾ ਹੀ ਖਰਚ ਬਹੁਤ ਹੈ।
ਇਸ ਨੂੰ ਚਲਾਉਣ ਲਈ ਮਾਹਰ ਡਰਾਈਵਰ ਅਤੇ ਸਹਾਇਕ ਦੀ ਲੋੜ ਹੁੰਦੀ ਹੈ। ਇਸ ਮਸ਼ੀਨ ਨੂੰ ਲੈ ਕੇ ਹੁਣ ਲੋਕ ਵਿਅੰਗ ਕਰਦੇ ਵੀ ਨਜ਼ਰ ਆ ਰਹੇ ਹਨ ਕਿ ਇਹ ਮਸ਼ੀਨ ਉਸ ਵੇਲੇ ਦੇ ਵਿਧਾਇਕ ਦੇ ਲੰਘਣ ਤੋਂ ਪਹਿਲਾਂ, ਉਸ ਰਸਤੇ ਦੀ ਸਫਾਈ ਲਈ ਵਰਤੀ ਜਾਂਦੀ ਸੀ, ਜੋ ਹੁਣ ਹੌਲੀ-ਹੌਲੀ ਕਬਾੜ ਬਣਦੀ ਜਾ ਰਹੀ ਹੈ।
ਇਸ ਸਬੰਧੀ ਸੈਨੇਟਰੀ ਇੰਸਪੈਕਟਰ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਮਸ਼ੀਨ ਤੋਂ ਲਗਾਤਾਰ ਕੰਮ ਲੈ ਰਹੇ ਹਨ, ਮੀਂਹ ਦੇ ਮੌਸਮ ਕਰਕੇ ਫਾਇਰ ਬ੍ਰਿਗੇਡ ਦੇ ਦਫਤਰ ਵਿਖੇ ਖੜ੍ਹੀ ਕੀਤੀ ਗਈ ਸੀ।