ਲਖਵਿੰਦਰ ਸਿੰਘ
ਮਲੋਟ, 24 ਸਤੰਬਰ
ਸਥਾਨਕ ਗੈਸਟ ਹਾਊਸ ਵਿੱਚ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਘਰਾਂ ਦੀ ਮੁਰੰਮਤ ਲਈ ਅਤੇ ਮੁੜ ਉਸਾਰੀ ਲਈ ਲੋੜਵੰਦਾਂ ਨੂੰ ਫੰਡ ਦੇਣ ਲਈ ਰੱਖਿਆ ਇਕ ਸਮਾਗਮ ਉਸ ਵੇਲੇ ਫਿੱਕਾ ਪੈਂਦਾ ਨਜ਼ਰ ਆਇਆ, ਜਦੋਂ ਪਿੰਡ ਚਿੰਬੜਾਂਵਾਲੀ ਦਾ ਵਸਨੀਕ ਇੱਕ ਅਪਾਹਜ ਸਵਰਨ ਸਿੰਘ ਆਪਣੇ ਤਿੰਨ ਫੁੱਟ ਡੂੰਘੇ ਘਰ ਦੀ ਹਾਲਤ ਸੁਧਾਰਨ ਲਈ ਮੰਤਰੀ ਦੇ ਮੰਚ ਕੋਲ ਮੰਤਰੀ ਨੂੰ ਮਿਲਣ ਲਈ ਵੱਖ-ਵੱਖ ਆਗੂਆਂ ਦੀਆਂ ਮਿੰਨਤਾਂ ਕਰਦਾ ਪਰ ਕਿਸੇ ਨੇ ਉਸ ਦੀ ਗੱਲ ਦਾ ਹੁੰਗਾਰਾ ਨਹੀਂ ਭਰਿਆ। ਸਵਰਨ ਸਿੰਘ ਨੇ ਦੱਸਿਆ ਕਿ ਅਸਲ ਲੋੜਵੰਦ ਤਾਂ ਮਿੰਨਤਾਂ-ਤਰਲੇ ਕਰ ਰਹੇ ਹਨ, ਪਰ ਮੰਤਰੀ ਨੇ ਪਤਾ ਨਹੀਂ ਕਿਹੜੇ ਲੋੜਵੰਦਾਂ ਨੂੰ ਗ੍ਰਾਂਟਾਂ ਵੰਡੀਆਂ ਹਨ। ਉਸ ਨੇ ਦੱਸਿਆ ਕਿ ਉਸ ਦਾ ਨਾਮ ਲਾਭਪਾਤਰੀਆਂ ਦੀ ਸੂਚੀ ਵਿਚ ਦਰਜ ਸੀ ਪਰ ਬਾਅਦ ਵਿੱਚ ਕਟਵਾ ਦਿੱਤਾ ਗਿਆ।
ਡਾ. ਬਲਜੀਤ ਕੌਰ ਵੱਲੋਂ ਮਸਲਾ ਹੱਲ ਕਰਨ ਦਾ ਭਰੋਸਾ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਪਸ਼ਟ ਕੀਤਾ ਕਿ ਕੋਈ ਵੀ ਲੋੜਵੰਦ ਲਾਭ ਲੈਣ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਸਵਰਨ ਸਿੰਘ ਨੂੰ ਵੀ ਭਰੋਸਾ ਦਿਵਾਇਆ ਕਿ ਉਸਦਾ ਮਸਲਾ ਵੀ ਜਲਦੀ ਹੱਲ ਕਰ ਦਿੱਤਾ ਜਾਵੇਗਾ। ਉਪਰੰਤ ਡਾ. ਬਲਜੀਤ ਕੌਰ ਨੇ ਮਜ਼ਦੂਰਾਂ ਦੇ ਅੱਡੇ ’ਤੇ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।