ਲਖਵਿੰਦਰ ਸਿੰਘ
ਮਲੋਟ, 27 ਮਈ
ਸਾਲ 2017 ਵਿਚ ਮਲੋਟ ਸਿਟੀ ਪੁਲੀਸ ਨੇ 1 ਕਰੋੜ 33 ਲੱਖ ਦੇ ਘਪਲੇ ਸਬੰਧੀ ਜਲ ਸਪਲਾਈ ਵਿਭਾਗ ਮਲੋਟ ਦੇ 17 ਮੁਲਾਜ਼ਮਾਂ ‘ਤੇ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ, ਜਿਨ੍ਹਾਂ ’ਚੋਂ ਹੁਣ ਸਿਟੀ ਪੁਲੀਸ ਨੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ ਡੀਐੱਸਪੀ ਮਲੋਟ ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਕਾਰਜਕਾਰੀ ਇੰਜਨੀਅਰ ਜਸਵੀਰ ਸਿੰਘ ਦੇ ਬਿਆਨਾਂ ‘ਤੇ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਲੋੜੀਂਦੇ ਛੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਾਬੂ ਕੀਤੇ ਵਿਅਕਤੀ ਕਥਿਤ ਤੌਰ ’ਤੇ ਫਰਜ਼ੀ ਬਿੱਲ ਪਾ ਕੇ ਪਾਸ ਕਰਾ ਲੈਂਦੇ ਸਨ। ਇਸ ਤਰੀਕੇ ਨਾਲ ਖ਼ਜ਼ਾਨੇ ‘ਚੋਂ ਪੈਸਾ ਲੈ ਕੇ ਕਥਿਤ ਤੌਰ ’ਤੇ ਖੁਰਦ-ਬੁਰਦ ਕਰਦੇ ਰਹੇ, ਜਦੋਂ ਇਹ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਇਨ੍ਹਾਂ ’ਤੇ ਸਖਤ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਚੋਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।