ਲਖਵਿੰਦਰ ਸਿੰਘ
ਮਲੋਟ, 20 ਫਰਵਰੀ
ਆਮ ਆਦਮੀ ਪਾਰਟੀ ਦੇ ਕਾਰਕੁਨਾਂ ਵੱਲੋਂ ਬਿਰਲਾ ਰੋਡ ‘ਤੇ ਪੋਲਿੰਗ ਬੂਥ ਦੇ ਪਿਛਲੇ ਪਾਸੇ ਸਥਿਤ ਮਹੱਲੇ ਵਿੱਚ ਵੋਟਾਂ ਦੌਰਾਨ ਅਕਾਲੀ ਦਲ ਦੇ ਕਾਰਕੁਨਾਂ ‘ਤੇ ਵੋਟਾਂ ਦੀ ਖ਼ਰੀਦੋ ਫਰੋਖਤ ਕਰਨ ਅਤੇ ਵਰਜਣ ‘ਤੇ ਹਮਲਾ ਕਰਨੇ ਦੇ ਦੋਸ਼ ਲਗਾਏ ਹਨ। ਇਸ ਤੋਂ ਬਾਅਦ ਉਥੇ ਵੱਡੀ ਗਿਣਤੀ ਵਿਚ ਅਕਾਲੀ, ਕਾਂਗਰਸੀ ਅਤੇ ਆਪ ਦੇ ਕਾਰਕੁਨ ਇਕੱਠੇ ਹੋ ਗਏ। ਸਥਿਤੀ ਨੂੰ ਕਾਬੂ ਵਿਚ ਰੱਖਣ ਅਤੇ ਉਨ੍ਹਾਂ ਨੂੰ ਖਦੇੜਣ ਲਈ ਡੀਐੱਸਪੀ ਜਸਪਾਲ ਸਿੰਘ ਅਤੇ ਥਾਣਾ ਮੁਖੀ ਚੰਦਰਸ਼ੇਖਰ ਦੀ ਅਗਵਾਈ ਹੇਠ ਪੁਲੀਸ ਨੇ ਲਾਠੀਚਾਰਜ ਕੀਤਾ। ਥਾਣਾ ਇੰਚਾਰਜ ਮਲੋਟ ਇੰਸਪੈਕਟਰ ਚੰਦਰਸ਼ੇਖਰ ਨੇ ਕਿਹਾ ਕਿ ਲਾਠੀਚਾਰਜ ਨਹੀਂ ਕੀਤਾ ਸਗੋਂ ਲੋਕ ਪੁਲੀਸ ਨੂੰ ਦੇਖਕੇ ਭੱਜੇ। ਪੋਲਿੰਗ ਸਟੇਸ਼ਨ ਦੇ ਬਾਹਰ ਲੋਕਾਂ ਦੀ ਭੀੜ ਕਾਰਨ ਆਮ ਲੋਕ ਪ੍ਰਭਾਵਿਤ ਹੁੰਦੇ ਹਨ। ਉਧਰ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਡੀਏਵੀ ਕਾਲਜ ਸਥਿਤ ਪੋਲਿੰਗ ਬੂਥ ‘ਚ ਪੋਲ ਹੋਈ ਫਰਜ਼ੀ ਵੋਟ ਨੂੰ ਚੈਲਿੰਜ ਕਰਨ ਲਈ ਮੌਕੇ ਦੇ ਪੋਲਿੰਗ ਅਧਿਕਾਰੀ ਤੋਂ ‘ਚੈਲਿੰਜ ਫਾਰਮ’ ਦੀ ਮੰਗ ਕੀਤੀ ਤਾਂ ਉਨ੍ਹਾਂ ਕੋਲ ਫਾਰਮਨਹੀਂ ਸੀ। ਦੁਪਿਹਰ ਤੱਕ ਇੱਕਾ-ਦੁੱਕਾ ਪੋਲਿੰਗ ਸਟੇਸ਼ਨ ਨੂੰ ਛੱਡਕੇ ਬਾਕੀ ਸਾਰੇ ਪਾਸੇ ਮਹੌਲ ਠੀਕ ਰਿਹਾ।