ਲਖਵਿੰਦਰ ਸਿੰਘ
ਮਲੋਟ, 2 ਫਰਵਰੀ
ਪਿੰਡ ਖੁੰਡੇ ਹਲਾਲ ਵਿਖੇ ਰਾਸ਼ਨ ਡਿਪੂ ’ਤੇ ਕਣਕ ਦੀ ਵੰਡ ਸਮੇਂ ਪਹਿਲਾਂ ਕਰੋਨਾ ਵੈਕਸੀਨ ਲਾਉਣ ਅਤੇ ਉਸ ਤੋਂ ਬਾਅਦ ਹੀ ਕਣਕ ਵੰਡਣ ਦਾ ਪੰਜਾਬ ਖੇਤ ਮਜ਼ਦੂਰ ਯੂਨੀਅਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ਨੇ ਆਖਿਆ ਕਿ ਇਕ ਪਾਸੇ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਮੁਤਾਬਕ ਕਰੋਨਾ ਵੈਕਸੀਨ ਲਵਾਉਣਾ ਹਰ ਇਕ ਨਾਗਰਿਕ ਦੀ ਮਰਜ਼ੀ ’ਤੇ ਨਿਰਭਰ ਹੈ, ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੈਕਸੀਨ ਲਗਵਾਉਣ ਲਈ ਕਥਿਤ ਡਰਾਵਾ ਦਿੱਤਾ ਜਾ ਰਿਹਾ ਹੈ ਕਿ ਜੇ ਵੈਕਸੀਨ ਨਾ ਲਵਾਈ ਤਾਂ ਡਿਪੂ ਦੀ ਕਣਕ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਹੀ ਰਾਸ਼ਨ ਡਿਪੂਆਂ ’ਤੇ ਕਣਕ ਦੀ ਵੰਡ ਤੋਂ ਪਹਿਲਾਂ ਵੈਕਸੀਨ ਲਵਾਈ ਜਾ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇ ਜਬਰੀ ਵੈਕਸੀਨ ਲਾਉਣ ਦਾ ਇਹ ਤਰੀਕਾ ਨਾ ਬੰਦ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਵੱਡੀ ਪੱਧਰ ’ਤੇ ਮੁਹਿੰਮ ਵਿੱਢੀ ਜਾਵੇਗੀ। ਇਸ ਸਮੇਂ ਕਰਨਾ ਸਿੰਘ, ਇਕਬਾਲ ਸਿੰਘ ਦੀਪ ਸਿੰਘ, ਪੱਪੂ ਸਿੰਘ ,ਸਿਮਰਜੀਤ ਕੌਰ, ਸੁਖਪ੍ਰੀਤ ਕੌਰ, ਨੀਲਮ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ ਤੇ ਸੋਮਾ ਕੌਰ ਸ਼ਾਮਲ ਸਨ।